ਕੈਪਟਨ ਨੇ ਆਪਣਾ ਖੂੰਡਾ ਪਤਾ ਨਹੀਂ ਕਿੱਥੇ ਲੁਕਾ ਦਿੱਤਾ : ਵੜਿੰਗ

ਕੈਪਟਨ ਨੇ ਆਪਣਾ ਖੂੰਡਾ ਪਤਾ ਨਹੀਂ ਕਿੱਥੇ ਲੁਕਾ ਦਿੱਤਾ : ਵੜਿੰਗ

ਚੰਡੀਗੜ੍ਹ/ਬਿਊਰੋ ਨਿਊਜ਼ :
ਗਿੱਦੜਬਾਹਾ ਹਲਕੇ ਦੇ ਵਿਧਾਇਕ ਰਾਜਾ ਵੜਿੰਗ ਨੇ ਵਿਧਾਨ ਸਭਾ ਵਿੱਚ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ, ਉਥੇ ਮਿੱਠੇ ਮਿਹਣੇ ਵੀ ਮਾਰੇ। ਖੂੰਡੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣਾ ਖੂੰਡਾ ਪਤਾ ਨਹੀਂ, ਕਿੱਥੇ ਲੁਕਾ ਦਿੱਤਾ ਹੈ। ਉਸ ਤੋਂ ਬਿਨਾਂ ਕੰਮ ਨਹੀਂ ਚੱਲਣਾ। ਉਨ੍ਹਾਂ ਦਾ ਭਾਵ ਸੀ ਕਿ ਅਕਾਲੀਆਂ ਤੋਂ ਵਧੀਕੀਆਂ ਦਾ ਬਦਲਾ ਲਿਆ ਜਾਵੇ।
ਲੰਬੀ ਹਲਕੇ ਦੇ ਬਾਦਲਾਂ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਬਾਰੇ ਕੈਪਟਨ ਨੂੰ ਮਿੱਠੀ ਮਸ਼ਕਰੀ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦੇ ਕਾਰੋਬਾਰ ਬਾਰੇ ਤਾਂ ਸਾਰੇ ਜਾਣਦੇ ਹਨ ਪਰ ਸਾਡੇ ਮੁੱਖ ਮੰਤਰੀ ਏਨੇ ਨਰਮ ਦਿਲ ਹਨ ਕਿ ਕੋਲਿਆਂਵਾਲੀ ਨੂੰ ‘ਖਤਰੇ’ ਦੇ ਮੱਦੇਨਜ਼ਰ ਉਸ ਦੀ ਸੁਰੱਖਿਆ ਵਾਪਸ ਨਹੀਂ ਲਈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਵੇਗੀ। ਜਦੋਂ ਉਹ ਜਾੜ੍ਹ ਥੱਲੇ ਆ ਗਿਆ ਤਾਂ ਉਸ ਦਿਨ ਛੱਡਿਆ ਨਹੀਂ ਜਾਵੇਗਾ।
ਜਦੋਂ ਰਾਜਾ ਵੜਿੰਗ ਮਿੱਠੀਆਂ ਟਕੋਰਾਂ ਲਾ ਰਿਹਾ ਸੀ ਤਾਂ ਕੁਝ ਕਾਂਗਰਸੀ ਵਿਧਾਇਕ ਮਨ ਹੀ ਮਨ ਮੁਸਕਰਾ ਰਹੇ ਸਨ। ਸਾਬਕਾ ਅਕਾਲੀ ਵਜ਼ੀਰ ਅਜੀਤ ਸਿੰਘ ਕੋਹਾੜ ਜਦੋਂ ਅਚਾਨਕ ਸਦਨ ਵਿੱਚ ਖੜ੍ਹੇ ਹੋ ਗਏ ਤਾਂ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਆਪਣੇ ਲਪੇਟੇ ਵਿੱਚ ਲੈਂਦਿਆਂ ਕਿਹਾ ਕਿ ਤੁਹਾਡਾ ਤਾਂ ਜ਼ਿਕਰ ਹੀ ਨਹੀਂ ਕੀਤਾ ਪਰ ਤੁਹਾਡੇ ਬਾਰੇ ਤਾਂ ਇਕ ਅਖਬਾਰ ਨੇ ਲਿਖਿਆ ਸੀ ਕਿ ਤੁਹਾਡੇ ਸੁੱਤਿਆਂ ਵੀ ਤੁਹਾਡੀ ਗੱਡੀ ਚਲਦੀ ਰਹੀ, ਜਿਸ ਦੀ ਤੇਲ ਖਪਤ ਬਹੁਤ ਜ਼ਿਆਦਾ ਸੀ।