ਨਸ਼ਾ ਤਸਕਰਾਂ ਨੇ ਪੁਲੀਸ ਤੋਂ ਬਚਣ ਲਈ ਘਰਾਂ ‘ਚ ਬਣਾਈਆਂ ਚੋਰ-ਮੋਰੀਆਂ
ਕੈਪਸ਼ਨ-ਇੱਕ ਤਸਕਰ ਦੇ ਘਰ ਦੀ ਟੁੱਟੀ ਹੋਈ ਖਿੜਕੀ।
ਕੁਲ ਗਹਿਣਾ (ਜਗਰਾਉਂ)/ਬਿਊਰੋ ਨਿਊਜ਼ :
ਜਗਰਾਉਂ ਪੁਲੀਸ ਜ਼ਿਲ੍ਹੇ ਵਿਚ ਸਤਲੁਜ ਦਰਿਆ ਨੇੜੇ ਪੈਂਦੇ ਪਿੰਡ ਕੁਲ ਗਹਿਣਾ ਵਿਚ ਨਸ਼ਾ ਤਸਕਰਾਂ ਨੇ ਬਚਣ ਲਈ ਅਜਿਹੇ ਰਾਹ ਅਪਣਾਏ ਹਨ ਕਿ ਪੁਲੀਸ ਵੀ ਉਨ੍ਹਾਂ ਦਾ ਵਾਲ ਵਿੰਗਾ ਨਾ ਕਰ ਸਕੇ। ਨਸ਼ਾ ਤਸਕਰਾਂ ਦੇ ਮੰਨੇ ਜਾਂਦੇ ਇਸ ਪਿੰਡ ਵਿਚ 35 ਘਰ ਕਿਸੇ ਨਾ ਕਿਸੇ ਢੰਗ ਨਾਲ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਪਿਛਲੇ ਦੋ ਸਾਲਾਂ ਦੌਰਾਨ ਇਥੇ 60 ਐਫਆਈਆਰ ਦਰਜ ਹੋਈਆਂ ਹਨ। ਕਰੀਬ 300 ਵਸਨੀਕਾਂ ਵਿਚੋਂ 200 ਦੇ ਨਾਮ ਨਸ਼ਾ ਤਸਕਰੀ ਦੇ ਮਾਮਲੇ ਵਿਚ ਇੱਕ ਜਾਂ ਉਸ ਤੋ ਵੱਧ ਐਫਆਈਆਰ ਵਿਚ ਦਰਜ ਹਨ। ਦਿਲਚਸਪ ਗੱਲ ਇਹ ਹੈ ਕਿ ਜਦੋਂ ਪੁਲੀਸ ਇਨ੍ਹਾਂ ਘਰਾਂ ਵਿਚ ਛਾਪੇ ਮਾਰਦੀ ਹੈ ਤਾਂ ਨਸ਼ਾ ਤਸਕਰ ਘਰਾਂ ਦੀਆਂ ਦੀਵਾਰਾਂ ਵਿਚ ਬਣਾਈਆਂ ਮੋਰੀਆਂ ਰਾਹੀਂ ਤਿੱਤਰ ਹੋ ਜਾਂਦੇ ਹਨ। ਇਹ ਮੋਰੀਆਂ ਜਾਂ ਤਾਕੀਆਂ, ਜਿਨ੍ਹਾਂ ਦੇ ਰਸਤੇ ਇੱਕ ਘਰ ਤੋਂ ਦੂਜੇ ਘਰ ਵਿਚ ਖੁਲ੍ਹਦੇ ਹਨ ਅਤੇ ਨਸ਼ਾ ਤਸਕਰ ਉਥੋਂ ਹੁੰਦੇ ਹੋਏ ਖੇਤਾਂ ਵਿਚ ਪੁੱਜ ਜਾਂਦੇ ਹਨ ਤੇ ਫਿਰ ਦਰਿਆ ਰਾਹੀਂ ਪੁਲੀਸ ਨੂੰ ਝਕਾਨੀ ਦੇ ਜਾਂਦੇ ਹਨ। ਇਨ੍ਹਾਂ ਘਰਾਂ ਦੀਆਂ ਦੀਵਾਰਾਂ ਵਿਚ ਛੋਟੇ-ਛੋਟੇ ਮੋਰੇ ਵੀ ਕੀਤੇ ਗਏ ਹਨ ਤਾਂ ਜੋ ਪੁਲੀਸ ਦੀ ਰੇਡ ਪੈਣ ‘ਤੇ ਨਸ਼ੇ ਨੂੰ ਖੁੱਡੇ ਲਾਇਆ ਜਾ ਸਕੇ। ਹੈਰੋਈਨ, ਸਮੈਕ ਜਾਂ ਅਫ਼ੀਮ ਨੂੰ ਛੋਟੇ-ਛੋਟੇ ਪੈਕਟਾਂ ਵਿਚ ਇੱਕ ਘਰ ਤੋਂ ਦੂਜੇ ਵਿੱਚ ਇਨ੍ਹਾਂ ਮਘੋਰਿਆਂ ਰਾਹੀਂ ਲਾਂਭੇ ਕਰ ਦਿੱਤਾ ਜਾਂਦਾ ਹੈ ਜਦਕਿ ਪੁਲੀਸ ਸਿਰਫ਼ ਹੱਥ-ਪੈਰ ਮਾਰਦੀ ਰਹਿ ਜਾਂਦੀ ਹੈ। ਜਗਰਾਉਂ ਪੁਲੀਸ ਨੇ ਕਈ ਵਾਰ ਇਨ੍ਹਾਂ ਚੋਰ ਮੋਰੀਆਂ ਨੂੰ ਬੰਦ ਕੀਤਾ ਹੈ ਪਰ ਹਰ ਵਾਰ ਛਾਪੇ ਦੌਰਾਨ ਇਹ ਰਸਤੇ ਖੁੱਲ੍ਹੇ ਮਿਲਦੇ ਹਨ ਜਾਂ ਨਵੇਂ ਬਣ ਜਾਂਦੇ ਹਨ। ਚਾਰਦੀਵਾਰੀ ਵਿਚ ਛੋਟੇ ਗੇਟ ਵੀ ਹਨ, ਜਿਨ੍ਹਾਂ ਵਿਚੋਂ ਬੱਚਾ ਅਸਾਨੀ ਨਾਲ ਨਿਕਲ ਸਕਦਾ ਹੈ ਅਤੇ ਲੋੜ ਪੈਣ ‘ਤੇ ਬੰਦਾ ਵੀ ਫ਼ਰਾਰ ਹੋ ਸਕਦਾ ਹੈ। ਪੁਲੀਸ ਨੇ ਕੁੱਝ ਦਿਨ ਪਹਿਲਾਂ ਇਨ੍ਹਾਂ ਰਸਤਿਆਂ ਨੂੰ ਇੱਟਾਂ ਨਾਲ ਬੰਦ ਕਰ ਦਿੱਤਾ ਹੈ ਅਤੇ ਲੋਹੇ ਦੇ ਛੋਟੇ ਗੇਟਾਂ ‘ਤੇ ਤਾਲੇ ਜੜ ਦਿੱਤੇ ਹਨ। ਜਗਰਾਉਂ ਦੇ ਐਸਐਸਪੀ ਸੁਰਜੀਤ ਸਿੰਘ ਨੇ ਕਿਹਾ ਕਿ ਚੋਰ ਮੋਰੀਆਂ ਨੂੰ ਬੰਦ ਕਰਨਾ ਵੱਡਾ ਕੰਮ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲੀ ਅਤੇ ਚੂਹੇ ਦੀ ਖੇਡ ਵਾਂਗ ਹੈ ਅਤੇ ਕਿਸੇ ਵੀ ਪੁਲੀਸ ਅਧਿਕਾਰੀ ਲਈ ਇਨ੍ਹਾਂ ਨੂੰ ਬੰਦ ਕਰਨਾ ਸੁਖਾਲਾ ਨਹੀਂ ਹੈ। ਏਐਸਆਈ ਬਲੌਰ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ ਹਰ ਰੋਜ਼ ਇਨ੍ਹਾਂ ਚੋਰ ਮੋਰੀਆਂ ਦਾ ਜਾਇਜ਼ਾ ਲੈਂਦੇ ਹਨ ਤਾਂ ਜੋ ਨਸ਼ਾ ਤਸਕਰੀ ‘ਤੇ ਲਗਾਮ ਲੱਗ ਸਕੇ। ਪੁਲੀਸ ਲਈ ਇਹ ਵੱਡੀ ਚੁਣੌਤੀ ਬਣੇ ਹੋਏ ਹਨ।











Comments (0)