ਸਾਊਦੀ ਅਰਬ ਵਿੱਚ ਅਗਵਾ ਪੰਜਾਬੀ ਸਹੀ-ਸਲਾਮਤ ਘਰ ਪਰਤਿਆ
ਹੁਸ਼ਿਆਰਪੁਰ/ਬਿਊਰੋ ਨਿਊਜ਼ :
ਸਾਊਦੀ ਅਰਬ ਵਿੱਚ ਅਗਵਾ ਕੀਤਾ ਪਿੰਡ ਮਹਿਲਾਂਵਾਲੀ ਦਾ ਅਵਤਾਰ ਸਿੰਘ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਯਤਨਾਂ ਨਾਲ ਸਹੀ-ਸਲਾਮਤ ਘਰ ਪਰਤ ਆਇਆ ਹੈ। ਅਵਤਾਰ ਸਿੰਘ ਰੋਜ਼ੀ-ਰੋਟੀ ਖ਼ਾਤਰ ਸਾਊਦੀ ਅਰਬ ਗਿਆ ਸੀ।
ਇੱਥੇ ਸ੍ਰੀ ਸਾਂਪਲਾ ਦੇ ਦਫ਼ਤਰ ਵਿੱਚ ਉਨ੍ਹਾਂ ਦਾ ਧੰਨਵਾਦ ਕਰਨ ਪੁੱਜੇ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੂੰ 10 ਫਰਵਰੀ ਨੂੰ ਸਾਊਦੀ ਅਰਬ ਵਿੱਚ ਅਗਵਾ ਕਰ ਲਿਆ ਸੀ। ਅਗਵਾਕਾਰ ਉਸ ਕੋਲੋਂ ਕਿਸੇ ਹੋਰ ਕੰਪਨੀ ਵਿੱਚ ਕੰਮ ਕਰਦੇ ਪੰਜਾਬੀ ਨੌਜਵਾਨਾਂ ਬਾਰੇ ਜਾਣਕਾਰੀ ਮੰਗ ਰਹੇ ਸਨ ਤੇ ਨਾਂਹ ਕਰਨ ‘ਤੇ ਉਸ ਉਤੇ ਤਸ਼ੱਦਦ ਕੀਤਾ ਜਾਂਦਾ ਸੀ। ਇਸ ਦੌਰਾਨ ਅਗਵਾਕਾਰਾਂ ਨੇ ਉਸ ਦੀ ਗੱਲ ਭਾਰਤ ਵਿਚਲੇ ਉਸ ਦੇ ਪਰਿਵਾਰ ਨਾਲ ਕਰਵਾਈ ਤੇ ਉਸ ਨੇ ਪਰਿਵਾਰ ਨੂੰ ਸਾਰੀ ਗੱਲ ਦੱਸ ਦਿੱਤੀ। ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਸ੍ਰੀ ਸਾਂਪਲਾ ਦੇ ਦਫ਼ਤਰ ਪੁੱਜੇ ਅਤੇ ਦਫ਼ਤਰ ਇੰਚਾਰਜ ਡਾ. ਰਮਨ ਘਈ ਨੂੰ ਸਾਰੀ ਗੱਲ ਦੱਸੀ। ਡਾ. ਘਈ ਨੇ ਮਾਮਲਾ ਸ੍ਰੀ ਸਾਂਪਲਾ ਦੇ ਧਿਆਨ ਵਿੱਚ ਲਿਆਂਦਾ ਤੇ ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ ਤੋਂ ਜਾਣੂ ਕਰਵਾਇਆ। ਵਿਦੇਸ਼ ਮੰਤਰਾਲੇ ਨੇ ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਤੇ ਇਸ ਮਗਰੋਂ ਉਸ ਨੂੰ ਰਿਹਾਅ ਕਰਕੇ ਕੰਪਨੀ ਹਵਾਲੇ ਕਰ ਦਿੱਤਾ ਗਿਆ ਤੇ ਕੰਪਨੀ ਦੀ ਮਦਦ ਨਾਲ ਉਹ ਸਹੀ-ਸਲਾਮਤ ਆਪਣੇ ਘਰ ਪਰਤ ਆਇਆ। ਇਸ ‘ਤੇ ਅਵਤਾਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸ੍ਰੀ ਸਾਂਪਲਾ ਦਾ ਧੰਨਵਾਦ ਕੀਤਾ।











Comments (0)