ਡੇਰਾ ਸਿਰਸਾ ਵਿਵਾਦ: ਪੰਜ ਸਾਲ ਪਿੱਛੇ ਘੁੰਮ ਸਕਦੀ ਹੈ ਜਾਂਚ ਕਮੇਟੀ ਦੀ ਸੂਈ
ਪਟਿਆਲਾ\ਬਿਊਰੋ ਨਿਊਜ਼
ਵਿਧਾਨ ਸਭਾ ਚੋਣ ਪਿੜ 2017 ਲਈ ਸਿੱਖ ਉਮੀਦਵਾਰਾਂ ਵੱਲੋਂ ਅਕਾਲ ਤਖ਼ਤ ਦੇ 2007 ਨੂੰ ਜਾਰੀ ਹੋਏ ਹੁਕਮਨਾਮੇ ਨੂੰ ਉਲੰਘ ਕੇ ਡੇਰਾ ਸੱਚਾ ਸੌਦਾ ਸਿਰਸਾ ਤੋਂ ਕਥਿਤ ਸਿਆਸੀ ਹਮਾਇਤ ਲੈਣ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਢੀ ਜਾਂਚ ਦੀ ਸੂਈ ਪੰਜ ਸਾਲ ਪਿੱਛੇ ਵੱਲ ਵੀ ਘੁੰਮ ਰਹੀ ਹੈ।
ਸਿਆਸੀ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ 2012 ਦੇ ਵਿਧਾਨ ਸਭਾ ਪਿੜ ਲਈ ਸਿਆਸੀ ਹਮਾਇਤ ਲਈ ਡੇਰਾ ਸੱਚਾ ਸੌਦਾ ਸਿਰਸਾ ਜਾਂ ਇਸ ਦੇ ਰਾਜਸੀ ਵਿੰਗ ਦੇ ਕਥਿਤ ਸੰਪਰਕ ਵਿੱਚ ਰਹੇ ਸਨ। ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਦੇ ਇੱਕ ਮੈਂਬਰ ਵੱਲੋਂ ਇਸ ਗੱਲ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸਿਰਸਾ ਖ਼ਿਲਾਫ਼ ਸਮਾਜਿਕ ਬਾਈਕਾਟ ਸਬੰਧੀ 2007 ਨੂੰ ਜਾਰੀ ਹੁਕਮਨਾਮੇ ਤੋਂ ਬਾਅਦ ਜੋ ਵੀ ਸਿੱਖ ਆਗੂ ਕਿਸੇ ਚੋਣ ਜਾਂ ਹੋਰ ਮਕਸਦ ਲਈ ਸਿਆਸੀ ਹਮਾਇਤ ਜੁਟਾਉਣ ਡੇਰਾ ਮੁਖੀ ਜਾਂ ਡੇਰੇ ਦੇ ਸਿਆਸੀ ਵਿੰਗ ਦੇ ਸੰਪਰਕ ਵਿੱਚ ਰਿਹਾ ਹੈ, ਉਸ ਨੂੰ ਵੀ ਪੜਤਾਲ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ ਮੰਨਿਆ ਹੈ ਕਿ ਤਿੰਨ ਮੈਂਬਰੀ ਗਠਿਤ ਜਾਂਚ ਕਮੇਟੀ ਦੀ ਅਜਿਹੀ ਮੰਗ ਸੀ ਕਿ ਪੜਤਾਲ ਹੁਕਮਨਾਮੇ ਦੇ ਵੇਲੇ ਤੋਂ ਹੀ ਕੀਤੀ ਜਾਵੇ ਤੇ ਅਜਿਹੇ ਵਿੱਚ ਜਾਂਚ ਕਮੇਟੀ ਨੂੰ ਖੁੱਲ੍ਹ ਦੇ ਦਿੱਤੀ ਹੈ ਕਿ ਉਹ 2017 ਹੀ ਨਹੀਂ, ਬਲਕਿ 2012 ਜਾਂ ਇਸ ਪਿੱਛੋਂ ਵੀ 2007 ਤੱਕ ਜਾਂਚ ਕਰ ਸਕਦੀ ਹੈ| ਉਨ੍ਹਾਂ ਦੱਸਿਆ ਕਿ ਕੌਮ ਲਈ ਇਹ ਮਸਲਾ ਗੰਭੀਰ ਤੇ ਵੱਡੇ ਦਾਇਰੇ ਦਾ ਹੋਣ ਦੀ ਵਜ੍ਹਾ ਨਾਲ ਹੀ ਜਾਂਚ ਕਮੇਟੀ ਦਾ ਸਮਾਂ ਵਧਾ ਕੇ 7 ਮਾਰਚ ਤੱਕ ਤੈਅ ਕੀਤਾ ਗਿਆ ਹੈ। ਇਹ ਪੁੱਛਣ ‘ਤੇ ਕਿ ਕੀ ਕੈਪਟਨ ਅਮਰਿੰਦਰ ਸਿੰਘ ਵੀ 2012 ਦੀਆਂ ਚੋਣਾਂ ਦੌਰਾਨ ਡੇਰਾ ਸਿਰਸਾ ਗਏ ਸਨ, ਬਾਰੇ ਆਖਿਆ ਕਿ ਇਸ ਮਾਮਲੇ ਨੂੰ ਹੁਣ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਵੇਖਣਾ ਹੈ। ਉਨ੍ਹਾਂ ਆਖਿਆ ਕਿ ਹੁਣ ਤੱਕ 22 ਅਜਿਹੇ ਸਿੱਖ ਉਮੀਦਵਾਰਾਂ ਦੀ ਸ਼ਨਾਖ਼ਤ ਹੋਈ ਹੈ, ਜੋ ਇਨ੍ਹਾਂ ਚੋਣਾਂ ਦੌਰਾਨ ਡੇਰੇ ਸਿਰਸਾ ਤੋਂ ਸਿਆਸੀ ਹਮਾਇਤ ਲੈਣ ਦੀ ਹੋੜ ਵਿੱਚ ਰਹੇ ਹਨ। ਉਂਜ ਜਾਂਚ ਕਮੇਟੀ ਮਸਲੇ ਨੂੰ ਘੋਖ ਰਹੀ ਹੈ। ਸ੍ਰੀ ਬਡੂੰਗਰ ਨੇ ਦੱਸਿਆ ਕਿ ਤਿੰਨ ਮੈਂਬਰੀ ਜਾਂਚ ਕਮੇਟੀ ਨਿਰਪੱਖਤਾ ਨਾਲ ਪੜਤਾਲ ਕਰ ਰਹੀ ਹੈ ਤੇ 7 ਮਾਰਚ ਨੂੰ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪ ਦੇਵੇਗੀ।











Comments (0)