21 ਖਾੜਕੂਆਂ ਨੂੰ ਮਰਵਾਏ ਜਾਣ ਦੀ ਉੱਚ ਪੱਧਰੀ ਜਾਂਚ ਕਰਵਾਉਣ ਕੈਪਟਨ : ਸ਼ਸ਼ੀਕਾਂਤ
ਜਲੰਧਰ/ਬਿਊਰੋ ਨਿਊਜ਼ :
ਸਾਬਕਾ ਪੁਲੀਸ ਮੁਖੀ (ਜੇਲ੍ਹਾਂ) ਸ੍ਰੀ ਸ਼ਸ਼ੀਕਾਂਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਤਮ ਸਮਰਪਣ ਕਰਵਾਉਣ ਵਾਲੇ 21 ਖਾੜਕੂਆਂ ਨੂੰ ਮਰਵਾਏ ਜਾਣ ਦੇ ਮਾਮਲੇ ਵਿਚ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਹ ਕਾਫ਼ੀ ਚਿੰਤਾਜਨਕ ਮਾਮਲਾ ਹੈ ਤੇ ਸਾਰੀ ਸਚਾਈ ਸਾਹਮਣੇ ਲਿਆਉਣ ਲਈ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਦਖ਼ਲ ਦੇਣਾ ਚਾਹੀਦਾ ਹੈ। ਇਕ ਕੇਸ ਦੀ ਸੁਣਵਾਈ ਭੁਗਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਪੁਲੀਸ ਮੁਖੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 21 ਖਾੜਕੂਆਂ ਨੂੰ ਕੇਂਦਰ ਦੇ ਹਵਾਲੇ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਵੱਲੋਂ ਉਨ੍ਹਾਂ ਨੂੰ ਮਰਵਾਉਣ ਦੇ ਮਾਮਲੇ ਦੀ ਗੱਲ ਕਰਕੇ ਜਿਹੜੀ ਦਲੇਰੀ ਦਿਖਾਈ ਹੈ, ਉਹ ਸ਼ਲਾਘਾ ਦੇ ਕਾਬਲ ਹੈ ਪਰ ਕੇਂਦਰ ਵੱਲੋਂ ਇਸ ਮਾਮਲੇ ਦੀ ਜਾਂਚ ਕਰਨੀ ਜ਼ਰੂਰੀ ਹੈ ਕਿ ਜੇਕਰ ਉਨ੍ਹਾਂ ਨੂੰ ਆਤਮ ਸਮਰਪਣ ਕਰਵਾਇਆ ਗਿਆ ਸੀ ਤਾਂ ਉਨ੍ਹਾਂ ਨੂੰ ਕਿਉਂ ਮਾਰ ਦਿੱਤਾ ਗਿਆ ਸੀ। ਨਸ਼ਿਆਂ ‘ਤੇ ਰੋਕ ਲਗਾਉਣ ਦੇ ਮਾਮਲੇ ਵਿਚ ਕੈਪਟਨ ਸਰਕਾਰ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਦੋ ਮਹੀਨੇ ਵਿਚ ਤਾਂ ਸਰਕਾਰ ਨੂੰ ਨਸ਼ਿਆਂ ‘ਤੇ ਰੋਕ ਲਗਾਉਣ ਲਈ ਕਾਫ਼ੀ ਸਫਲਤਾ ਮਿਲੀ ਹੈ ਪਰ ਇਹ ਵੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਰਾਜ ਵਿਚ ਚਾਹੇ ਸਰਕਾਰ ਦੀ ਸਖ਼ਤੀ ਕਰਕੇ ਨਸ਼ਾ ਸਪਲਾਈ ਕਰਨ ਵਾਲਿਆਂ ਨੇ ਆਪਣੇ ਕਈ ਰੂਟਾਂ ਤੋਂ ਨਸ਼ੇ ਦਾ ਕਾਰੋਬਾਰ ਬੰਦ ਕਰ ਦਿੱਤਾ ਹੈ ਪਰ ਕਈ ਹੋਰ ਰੂਟ ਖੁੱਲ੍ਹ ਗਏ ਹਨ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਦੇ ਰਤਲਾਮ, ਮਨਸੌਰ ਤੇ ਦੱਖਣੀ ਰਾਜਸਥਾਨ, ਕੋਲਕਾਤਾ ਦੇ ਕਈ ਹਿੱਸਿਆਂ ਤੋਂ ਬਰਾਊਨ ਸ਼ੂਗਰ ਲਿਆਈ ਜਾ ਰਹੀ ਹੈ। ਇਸ ਮੌਕੇ ਗੌਤਮ ਬੀਰ ਸਿੰਘ, ਜਗਦੀਪ ਸਿੰਘ ਹਾਜ਼ਰ ਸਨ। ਇਸ ਦੌਰਾਨ ਸਾਬਕਾ ਪੁਲਿਸ ਮੁਖੀ ਸ਼ਸ਼ੀਕਾਂਤ ਦੀ ਉਸ ਵੇਲੇ ਤਬੀਅਤ ਵਿਗੜ ਗਈ ਜਦੋਂ ਉਹ ਅਦਾਲਤ ਵਿਚ ਇਕ ਕੇਸ ਵਿਚ ਪੇਸ਼ੀ ਭੁਗਤਣ ਆਏ ਸਨ ਤਾਂ ਉਨ੍ਹਾਂ ਨੂੰ ਚੱਕਰ ਆ ਗਿਆ ਸੀ। ਉਨ੍ਹਾਂ ਦੇ ਨਾਲ ਗੌਤਮ ਬੀਰ ਸਿੰਘ ਤੇ ਹੋਰ ਲੋਕਾਂ ਨੇ ਸ਼ਸ਼ੀਕਾਂਤ ਦਾ ਇਲਾਜ ਕਰਵਾਉਣ ਲਈ ਪੀ.ਏ.ਪੀ. ਸਥਿਤ ਹਸਪਤਾਲ ਵਿਚ ਲੈ ਗਏ ਜਿੱਥੇ ਕਿ ਮਾਹਰਾਂ ਨੇ ਉਨ੍ਹਾਂ ਦਾ ਚੈੱਕਅਪ ਕਰਕੇ ਕੁਝ ਸਮੇਂ ਬਾਅਦ ਛੁੱਟੀ ਦੇ ਦਿੱਤੀ। ਇਸ ਦੀ ਜਾਣਕਾਰੀ ਬਾਅਦ ਵਿਚ ਸਾਬਕਾ ਪੁਲੀਸ ਮੁਖੀ ਨੇ ਆਪ ਦਿੱਤੀ।
ਯੂਨਾਈਟਡ ਖਾਲਸਾ ਦਲ ਵਲੋਂ ਸ਼ਹੀਦ ਨੌਜਵਾਨਾਂ ਦੇ ਨਾਮ ਜਨਤਕ ਕਰਨ ਦੀ ਮੰਗ
ਲੰਡਨ : ਯੂਨਾਈਟਡ ਖਾਲਸਾ ਦਲ ਯੂ.ਕੇ. ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾਪ੍ਰਸਤ ਕਰਾਰ ਦਿੰਦਿਆਂ ਸ਼ਹੀਦ ਕੀਤੇ ਗਏ 21 ਸਿੱਖਾਂ ਦੇ ਨਾਂ ਜਨਤਕ ਕਰਨ ਦੀ ਮੰਗ ਕੀਤੀ ਹੈ। ਦਲ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਿੱਖ ਨੌਜਵਾਨਾਂ ਨਾਲ ਇਨੀ ਵੱਡੀ ਪੱਧਰ ‘ਤੇ ਧੋਖਾ ਕਰਨ ਦੇ ਦੋਸ਼ੀ ਕੈਪਟਨ ਅਮਰਇੰਦਰ ਸਿੰਘ ਦੀ ਸਖਤ ਨਿਖੇਧੀ ਕੀਤੀ ਹੈ। ਯੂਨਾਈਟਡ ਖਾਲਸਾ ਦਲ ਯੂ.ਕੇ. ਨੇ ਕੈਪਟਨ ਅਮਇੰਦਰ ਸਿੰਘ ਨੂੰ ਸਿਰੇ ਦਾ ਮੌਕਾਪ੍ਰਸਤ ਕਰਾਰ ਦਿੱਤਾ, ਜਿਸ ਨੇ ਹਮੇਸ਼ਾਂ ਸਿੱਖ ਕੌਮ ਦੇ ਜਜ਼ਬਾਤਾਂ ਦਾ ਲਾਹਾ ਲਿਆ ਹੈ। ਕੈਪਟਨ ਸਪਸ਼ਟ ਕਰਨ ਕਿ ਉਸ ਵਲੋਂ ਪ੍ਰਧਾਨ ਮੰਤਰੀ ਚੰਦਰ ਸੇਖਰ ਕੋਲ ਪੇਸ਼ ਕਰਵਾ ਕੇ ਮਗਰੋਂ ਸ਼ਹੀਦ ਕੀਤੇ ਗਏ ਨੌਜਵਾਨ ਕੌਣ ਸਨ? ਸੁਪਰੀਮ ਕੋਰਟ ਵਿੱਚ ਇਕਬਾਲੀਆ ਬਿਆਨ ਦਰਜ ਕਰਵਾ ਕੇ ਇਨ੍ਹਾਂ ਸਿੱਖ ਨੌਜਵਾਨਾਂ ਦੇ ਕਥਿਤ ਕਾਤਲਾਂ ਖਿਲਾਫ਼ ਮੁਕੱਦਮਾ ਦਰਜ ਕਰਵਉਣਾ ਕੈਪਟਨ ਦਾ ਮੁੱਢਲਾ ਫਰਜ਼ ਹੈ।











Comments (0)