ਫ਼ਰਜ਼ੀ ਖ਼ਬਰਾਂ : ਓਬਾਮਾ ਨੇ ਜ਼ੁਕਰਬਰਗ ਨੂੰ ਦਿੱਤੀ ਸੀ ਚਿਤਾਵਨੀ
ਕੈਪਸ਼ਨ-ਬਰਾਕ ਓਬਾਮਾ ਅਤੇ ਮਾਰਕ ਜ਼ੁਕਰਬਰਗ ਦੀ ਇਕ ਤਸਵੀਰ।
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਫੇਸਬੁੱਕ ਦੇ ਬਾਨੀ ਮਾਰਕ ਜ਼ੁਕਰਬਰਗ ਨੂੰ ਨਿੱਜੀ ਤੌਰ ‘ਤੇ ਚਿਤਾਵਨੀ ਦਿੱਤੀ ਸੀ ਕਿ ਉਹ ਸੋਸ਼ਲ ਨੈੱਟਵਰਕ ‘ਤੇ ਵੱਧ ਰਹੀਆਂ ਫ਼ਰਜ਼ੀ ਖ਼ਬਰਾਂ (ਫੇਕ ਨਿਊਜ਼) ਦੇ ਟਾਕਰੇ ਲਈ ਕੋਈ ਰਾਹ ਅਪਣਾਉਣ। ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਚੋਣਾਂ ਦੇ ਤੁਰੰਤ ਮਗਰੋਂ ਬੈਠਕ ਦੌਰਾਨ ਉਨ੍ਹਾਂ ਇਹ ਚਿਤਾਵਨੀ ਦਿੱਤੀ ਸੀ। ਇਹ ਬੈਠਕ ਲੀਮਾ (ਪੇਰੂ) ਵਿਚ 19 ਨਵੰਬਰ ਨੂੰ ਹੋਈ ਸੀ ਜਿਥੇ ਆਲਮੀ ਆਗੂ ਜੁੜੇ ਸਨ। ਇਸ ਤੋਂ ਪਹਿਲਾਂ ਜ਼ੁਕਰਬਰਗ ਨੇ ਰੂਸੀ ਜਾਸੂਸਾਂ ਵੱਲੋਂ ਗੁਮਰਾਹਕੁਨ ਖ਼ਬਰਾਂ ਪੇਸ਼ ਕਰਕੇ ਅਮਰੀਕੀ ਰਾਸ਼ਟਰਪਤੀ ਦੀ ਵੋਟ ‘ਤੇ ਅਸਰ ਪਾਉਣ ਦੀਆਂ ਰਿਪੋਰਟਾਂ ਨੂੰ ਖ਼ਾਰਜ ਕਰ ਦਿੱਤਾ ਸੀ। ਬੈਠਕ ਸਮੇਂ ਮੌਜੂਦ ਲੋਕਾਂ ਦੇ ਹਵਾਲੇ ਨਾਲ ਅਖ਼ਬਾਰ ਨੇ ਕਿਹਾ, ”ਜ਼ੁਕਰਬਰਗ ਨੇ ਫ਼ਰਜ਼ੀ ਖ਼ਬਰਾਂ ਨਾਲ ਪੈਦਾ ਹੋਈ ਸਮੱਸਿਆ ਨੂੰ ਮੰਨਿਆ। ਪਰ ਉਨ੍ਹਾਂ ਓਬਾਮਾ ਨੂੰ ਦੱਸਿਆ ਕਿ ਇਹ ਸੁਨੇਹੇ ਫੇਸਬੁੱਕ ‘ਤੇ ਫੈਲੇ ਨਹੀਂ ਹੋਏ ਹਨ ਅਤੇ ਇਨ੍ਹਾਂ ਦਾ ਕੋਈ ਸੁਖਾਲਾ ਹੱਲ ਨਹੀਂ ਹੈ।” ਫੇਸਬੁੱਕ ਨੇ ਐਲਾਨ ਕੀਤਾ ਕਿ ਉਹ ਕਾਂਗਰਸ ਨੂੰ ਇਸ਼ਤਿਹਾਰ ਮੋੜ ਰਹੀ ਹੈ ਜਿਨ੍ਹਾਂ ਤੋਂ ਖ਼ੁਲਾਸਾ ਹੋਇਆ ਕਿ ਉਹ ਰੂਸ ਨਾਲ ਜੁੜੇ ਫਰਜ਼ੀ ਖ਼ਾਤਿਆਂ ਨਾਲ ਖ਼ਰੀਦੇ ਗਏ ਸਨ ਅਤੇ ਇਸ ਨਾਲ ਚੋਣਾਂ ਮੌਕੇ ਤੇ ਬਾਅਦ ਵਿਚ ਸਿਆਸੀ ਤਣਾਅ ਪੈਦਾ ਹੋ ਜਾਣਾ ਸੀ। ਉਂਜ ਰੂਸ ਨੇ ਅਮਰੀਕੀ ਚੋਣਾਂ ਵਿਚ ਆਪਣੀ ਕਿਸੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।











Comments (0)