ਅਮਰੀਕੀ ਫ਼ੌਜ ਵਿਚ ਦਸਤਾਰ ਸਜਾਉਣ, ਦਾੜ੍ਹੀ ਰੱਖਣ ਅਤੇ ਹਿਜਾਬ ਦੀ ਮਨਜ਼ੂਰੀ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਫ਼ੌਜ ਨੇ ਸਿੱਖਾਂ ਸਮੇਤ ਸਾਰੇ ਘੱਟ ਗਿਣਤੀ ਧਰਮਾਂ ਨੂੰ ਫ਼ੌਜ ਵਿਚ ਸੁਤੰਤਰ ਢੰਗ ਨਾਲ ਆਪਣੀਆਂ ਸੇਵਾਵਾਂ ਦੇ ਸਕਣ ਦਾ ਅਧਿਕਾਰ ਦਿੰਦਿਆਂ ਧਾਰਮਿਕ ਆਜ਼ਾਦੀ ਨਾਲ ਜੁੜੇ ਹੋਏ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਨੇਮਾਂ ਰਾਹੀਂ ਫ਼ੌਜ ਨੇ ਦਸਤਾਰ ਸਜਾਉਣ, ਹਿਜਾਬ ਪਹਿਨਣ ਜਾਂ ਦਾੜ੍ਹੀ ਰੱਖਣ ਵਾਲੇ ਵਿਅਕਤੀਆਂ ਨੂੰ ਫ਼ੌਜ ਵਿਚ ਭਰਤੀ ਹੋਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫ਼ੌਜ ਦੇ ਸਕੱਤਰ ਐਰਿਕ ਫੈਨਿੰਗ ਵੱਲੋਂ ਜਾਰੀ ਕੀਤੇ ਗਏ ਨਵੇਂ ਨੇਮਾਂ ਤਹਿਤ ਬ੍ਰਿਗੇਡ ਪੱਧਰ ‘ਤੇ ਧਾਰਮਿਕ ਪਛਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਕੱਤਰ ਪੱਧਰ ਤਕ ਲਈ ਇਹ ਮਨਜ਼ੂਰੀ ਦਿੱਤੀ ਗਈ ਸੀ। ਇਸ ਮਨਜ਼ੂਰੀ ਤੋਂ ਬਾਅਦ ਹੋਣ ਵਾਲੇ ਬਦਲਾਅ ਇਹ ਯਕੀਨੀ ਬਣਾਉਣਗੇ ਕਿ ਧਾਰਮਿਕ ਪਛਾਣ ਸਬੰਧੀ ਨੇਮਾਂ ਨੂੰ ਪੱਕੇ ਤੌਰ ‘ਤੇ ਮਨਜ਼ੂਰ ਕਰ ਲਿਆ ਜਾਵੇ ਅਤੇ ਅਮਰੀਕੀ ਫ਼ੌਜ ਦੇ ਜ਼ਿਆਦਾਤਰ ਅਹੁਦਿਆਂ ‘ਤੇ ਵੀ ਇਹ ਲਾਗੂ ਹੋਣ। ਨਵੇਂ ਨੇਮ ਉਨ੍ਹਾਂ ਸਿੱਖ ਫ਼ੌਜੀਆਂ ਦੀਆਂ ਪਟੀਸ਼ਨਾਂ ‘ਤੇ ਆਏ ਹਨ ਜੋ ਧਰਮ ਕਰ ਕੇ ਦਾੜ੍ਹੀ ਰੱਖਦੇ ਹਨ ਅਤੇ ਦਸਤਾਰ ਸਜਾਉਂਦੇ ਹਨ। ਨੇਮਾਂ ਵਿਚ ਕਿਹਾ ਗਿਆ ਹੈ ਕਿ ਵਿਰਲੇ ਮੌਕਿਆਂ ਨੂੰ ਛੱਡ ਕੇ ਸਿੱਖਾਂ ਨੂੰ ਦੇਸ਼ ਦੀ ਸੇਵਾ ਦੌਰਾਨ ਉਨ੍ਹਾਂ ਦੇ ਕੱਕਾਰਾਂ ਵਿਚ ਸ਼ਾਮਲ ਕੇਸਾਂ ਜਾਂ ਦਾੜ੍ਹੀ ਅਤੇ ਦਸਤਾਰ ਨੂੰ ਹਟਾਉਣ ਲਈ ਮਜਬੂਰ ਨਹੀਂ ਕੀਤਾ ਜਾਏਗਾ। ਕਾਂਗਰਸ ਮੈਂਬਰ ਜੋਇ ਕ੍ਰਾਉਲੇ ਨੇ ਅਮਰੀਕੀ ਫ਼ੌਜੀ ਸਕੱਤਰ ਵੱਲੋਂ ਜਾਰੀ ਨਿਰਦੇਸ਼ਾਂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਨਾ ਸਿਰਫ਼ ਸਿੱਖਾਂ ਸਗੋਂ ਮੁਲਕ ਦੀ ਫ਼ੌਜ ਲਈ ਇਹ ਵੱਡੀ ਤਰੱਕੀ ਹੈ। ਉਨ੍ਹਾਂ ਕਿਹਾ ਕਿ ਸਿੱਖ-ਅਮਰੀਕੀ ਇਸ ਮੁਲਕ ਨੂੰ ਪਿਆਰ ਕਰਦੇ ਹਨ ਅਤੇ ਦੇਸ਼ ਦੀ ਸੇਵਾ ਲਈ ਮੌਕਾ ਚਾਹੁੰਦੇ ਹਨ। ‘ਇਸ ਐਲਾਨ ਨਾਲ ਉਨ੍ਹਾਂ ਦੀ ਇਹ ਮਨਸ਼ਾ ਵੀ ਪੂਰੀ ਹੋ ਜਾਏਗੀ।’
ਸਾਡੀ ਮੰਗ ਅਜੇ ਅਧੂਰੀ : ਸਿੱਖ ਕੋਲੀਜ਼ਨ
ਸਿੱਖ-ਅਮਰੀਕੀ ਕੋਲੀਜ਼ਨ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਮੰਗ ਅਜੇ ਅਧੂਰੀ ਹੈ। ਕੋਲੀਜ਼ਨ ਦੀ ਕਾਨੂੰਨੀ ਨਿਰਦੇਸ਼ਕ ਹਰਸਿਮਰਨ ਕੌਰ ਨੇ ਕਿਹਾ, ”ਅਸੀਂ ਨੀਤੀ ਵਿਚ ਪੱਕੇ ਤੌਰ ‘ਤੇ ਬਦਲਾਅ ਚਾਹੁੰਦੇ ਹਾਂ ਜੋ ਸਾਰੇ ਘੱਟ-ਗਿਣਤੀ ਧਰਮਾਂ ਨੂੰ ਆਜ਼ਾਦ ਢੰਗ ਨਾਲ ਸੇਵਾ ਕਰਨ ਦੀ ਪ੍ਰਵਾਨਗੀ ਦੇਵੇ। ਅਸੀਂ ਫ਼ੌਜ ਵੱਲੋਂ ਧਾਰਮਿਕ ਸਹਿਣਸ਼ੀਲਤਾ ਅਤੇ ਭਿੰਨਤਾ ਵੱਲ ਦਿਖਾਈ ਗਈ ਪ੍ਰਗਤੀ ਤੋਂ ਖੁਸ਼ ਹਾਂ।” ਕਈ ਸਿੱਖ ਫ਼ੌਜੀਆਂ ਦੇ ਕੇਸ ਲੜ ਰਹੀ ਬੈਕੇਟ ਲਾਅ ਦੇ ਸੀਨੀਅਰ ਵਕੀਲ ਐਰਿਕ ਬੈਕਸਟਰ ਨੇ ਕਿਹਾ ਕਿ ਸਿੱਖ ਸੈਨਿਕਾਂ ਨਾਲ ਲੈਸ ਫ਼ੌਜ ਕਿਤੇ ਵੱਧ ਮਜ਼ਬੂਤ ਹੋਏਗੀ।
ਨੈਸ਼ਨਲ ਸਿੱਖ ਕੈਂਪੇਨ ਵਲੋਂ ਸ਼ਲਾਘਾ :
ਨੈਸ਼ਨਲ ਸਿੱਖ ਕੈਂਪੇਨ ਨੇ ਅਮਰੀਕੀ ਫ਼ੌਜ ਵਿਚ ਧਾਰਮਿਕ ਚਿੰਨ੍ਹ ਪਹਿਣਨ ਦੀ ਆਗਿਆ ਮਿਲਣ ਦਾ ਸਵਾਗਤ ਕੀਤਾ ਹੈ। ਇਸ ਨਾਲ ਅਮਰੀਕੀ ਸਿੱਖਾਂ ਤੇ ਹੋਰ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਮੁਲਕ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ।











Comments (0)