ਸਿੱਖ ‘ਦਾ ਬਲੈਕ ਪ੍ਰਿੰਸ’ ਫਿਲਮ ਨੂੰ ਗਲੇ ਲਗਾਉਣ : ਸ਼ਬਾਨਾ ਆਜ਼ਮੀ
ਲੰਡਨ/ਬਿਊਰੋ ਨਿਊਜ਼:
ਅੱਜ ਕਲ੍ਹ ਇੱਥੇ ਇਕ ਫਿਲਮ ਦੀ ਸ਼ੂਟਿੰਗ ਉਤੇ ਆਏ ਹੋਏ ਬਾਲੀਵੁੱਡ ਦੀ ਬਹੁਤ ਹੀ ਸਤਿਕਾਰਯੋਗ ਅਤੇ ਮੰਨੀ-ਪ੍ਰਮੰਨੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਮਹਾਰਾਜਾ ਦਲੀਪ ਸਿੰਘ ਦੀ ਜਿੰਤੇ ਆਧਾਰਤ ਬਣੀ ਫਿਲਮ ‘ਦਾ ਬਲੈਕ ਪ੍ਰਿੰਸ’ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਖਾਂ ਨੂੰ ਇਹ ਫਿਲਮ ਤਾਂ ਗਲੇ ਨਾਲ ਲਗਾ ਕੇ ਅਪਨਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਫਿਲਮ ਦੀ ਸਕਰਿਪਟ ਤਾਂ ਚਾਹੇ ਪੜ੍ਹੀ ਸੀ ਪਰ ਪਰਦੇ ਤੇ ਸਕਰਿਪਟ ਨੂੰ ਹੂ-ਬ-ਹੂ ਡਾਇਰੈਕਟਰ ਪੇਸ਼ ਕਰ ਸਕਿਆ ਹੈ ਕਿ ਨਹੀਂ ਵੀ ਬਹੁਤ ਵੱਡਾ ਚੈਲੇਜ ਹੁੰਦਾ ਹੈ।
21 ਜੁਲਾਈ ਨੂੰ ਵਿਸ਼ਵ ਭਰ ਵਿੱਚ ਰਿਲੀਜ ਹੋਣ ਜਾ ਰਹੀ ਅਤੇ ਕਈ ਕੌਮਾਂਤਰੀ ਇਨਾਮ ਜਿੱਤ ਚੁੱਕੀ ਫਿਲਮ ‘ਦਾ ਬਲੈਕ ਪ੍ਰਿੰਸ’ ਸਬੰਧੀ ਗੱਲਬਾਤ ਕਰਦਿਆਂ ਸ਼ਬਾਨਾ ਨੇ ਦਸਿਆ ਕਿ ਉਨ੍ਹਾਂ ਨੇ ਪੂਰੀ ਫਿਲਮ ਕੱਲ੍ਹ ਹੀ ਦੇਖੀ ਹੈ ਅਤੇ ‘ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਸਿੱਖਾਂ ਵੱਲੋਂ ਭਾਰਤ ਦੀ ਆਜ਼ਾਦੀ ਵਿਚ ਪਾਏ ਇਸ ਯੋਗਦਾਰ ਬਾਰੇ ਕਿਸੇ ਨੂੰ ਵੀ ਪਤਾ ਨਹੀਂ। ਸਿੱਖਾਂ ਵੱਲੋਂ ਆਜ਼ਾਦੀ ਦੌਰਾਨ ਪਾਏ 1915 ਤੋਂ ਬਾਅਦ ਦੇ ਸਮੇਂ ਬਾਰੇ ਤਾਂ ਗੱਲ ਹੁੰਦੀ ਹੈ ਪਰ 1880ਵਿਆਂ ਵਿਚ ਅਨੇਕਾਂ ਹੀ ਸਿੱਖ ਜੇਲ੍ਹਾ ਵਿਚ ਗਏ, ਮਾਰੇ ਗਏ ਜਾਂ ਕਾਲੇਪਾਨੀ ਦੀ ਜ਼ਲਾਵਤਨੀ ਸਹਿਣੀ ਪਈ ਬਾਰੇ ਭਾਰਤ ਦੇ ਇਤਿਹਾਸ ਦੀ ਕਿਸੇ ਕਿਤਾਬ ਵਿਚ ਸ਼ਾਇਦ ਨਹੀਂ ਮਿਲਦਾ।
ਸ਼ਬਾਨਾ ਆਜ਼ਮੀ ਨੇ ਜਿੱਥੇ ਸਿੱਖਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਮੰਗ ਵੀ ਕੀਤੀ ਕਿ ਭਾਰਤ ਦੇ ਇਤਿਹਾਸ ਵਿਚ ਇਹ ਚੈਪਟਰ ਵੀ ਲਿਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਬਹੁਤ ਖੁਸ਼ ਹਾਂ ਅਤੇ ਸ਼ੁਕਰਗੁਜਾਰ ਵੀ ਹਾਂ ਕਿ ਪ੍ਰੋਡਿਊਸਰਾਂ ਨੇ ਪੂਰੀ ਤਨਦੇਹੀ ਨਾਲ ਇਹ ਭੁੱਲਿਆ ਇਤਿਹਾਸ ਸਾਡੇ ਸਾਹਮਣੇ ਲਿਆਉਣ ਦੇ ਇਲਾਵਾ ਇਕ ਚੈਲੇਜ ਵੀ ਖੜ੍ਹਾ ਕੀਤਾ ਹੈ। ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਮੇਰੀ ਇਹ ਪਹਿਲੀ ਫਿਲਮ ਹੈ ਜਿਸ ਵਿਚ ਮੈਂ ਪੰਜਾਬੀ ਬੋਲੀ ਹੈ ਅਤੇ ਇਕ ਮਹਾਨ ਔਰਤ ਮਹਾਰਾਣੀ ਜਿੰਦਾਂ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿਰਫ ਸਿੱਖ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਨੂੰ ਇਹ ਫਿਲਮ ਦੇਖ ਕੇ ਮਹਾਰਾਜਾ ਦਲੀਪ ਸਿੰਘ ਵੱਲੋਂ ਕੀਤੇ ਇਸ ਸੰਘਰਸ਼ ਦੀ ਪ੍ਰੋੜਤਾ ਕਰਨੀ ਚਾਹੀਦੀ ਹੈ।











Comments (0)