ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਕਈ ਦਿਨਾਂ ਤੋਂ ਲਾਪਤਾ

ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਕਈ ਦਿਨਾਂ ਤੋਂ ਲਾਪਤਾ

ਕੈਪਸ਼ਨ-ਲਾਪਤਾ ਵਿਦਿਆਰਥਣ ਗੁਰਪ੍ਰੀਤ ਕੌਰ ਦੀ ਫਾਈਲ ਫੋਟੋ।
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਫਿਜ਼ੀਓਥੈਰੇਪੀ ਤੀਸਰੇ ਵਰ੍ਹੇ ਦੀ ਵਿਦਿਆਰਥਣ ਗੁਰਪ੍ਰੀਤ ਕੌਰ 22 ਫਰਵਰੀ ਨੂੰ ਇਮਤਿਹਾਨ ਦੇਣ ਤੋਂ ਤੁਰੰਤ ਬਾਅਦ ਯੂਨੀਵਰਸਿਟੀ ਤੋਂ ਲਾਪਤਾ ਹੋ ਗਈ। ਏਨੇ ਦਿਨ ਬੀਤ ਜਾਣ ‘ਤੇ ਵੀ ਪੁਲੀਸ ਦੇ ਹੱਥ ਖਾਲੀ ਹਨ। ਲੜਕੀ ਦੇ ਭਰਾ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਭੈਣ ਵਰਲਡ ਯੂਨੀਵਰਸਿਟੀ ਵਿੱਚ ਫਿਜੀਓਥੈਰੇਪੀ ਦੀ ਪੜ੍ਹਾਈ ਕਰ ਰਹੇ ਹਨ। ਬੀਤੀ 22 ਫਰਵਰੀ ਨੂੰ ਉਹ ਅਤੇ ਉਸ ਦੀ ਭੈਣ ਯੂਨੀਵਰਸਿਟੀ ਵਿੱਚ ਇਮਤਿਹਾਨ ਦੇਣ ਗਏ ਸਨ। ਉਸ ਦੀ ਭੈਣ ਉਸ ਦੇ ਪਿਛਲੇ ਪਾਸੇ ਬੈਠੀ ਸੀ ਪਰ ਇਮਤਿਹਾਨ ਸਮਾਪਤ ਹੋਣ ਤੋਂ ਬਾਅਦ ਉਸ ਦੀ ਭੈਣ ਉਸ ਨੂੰ ਨਹੀਂ ਮਿਲੀ। ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਯੂਨੀਵਰਸਿਟੀ ਪ੍ਰਬੰਧਕ ਉਨ੍ਹਾਂ ਦੇ ਘਰ ਆ ਕੇ ਥਾਣੇ ਵਿੱਚ ਨਾ ਜਾਣ ਲਈ ਦਬਾਅ ਬਣਾ ਰਹੇ ਸਨ। ਨਵਪ੍ਰੀਤ ਨੇ ਦੱਸਿਆ ਕਿ ‘ਵਰਸਿਟੀ ਦੇ ਕੁੱਝ ਸ਼ਰਾਰਤੀ ਕਿਸਮ ਦੇ ਲੜਕੇ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। 20 ਫਰਵਰੀ ਨੂੰ ਲੜਕਿਆਂ ਨੇ ਉਸ ਦੀ ਭੈਣ ਨੂੰ ਘੇਰ ਲਿਆ। ਉਸ ਸਮੇਂ ਉਹ ਵੀ ਆਪਣੀ ਭੈਣ ਦੇ ਨਾਲ ਹੀ ਸੀ। ਤਕਰਾਰ ਹੋਣ ਤੋਂ ਬਾਅਦ ਉਨ੍ਹਾਂ ਲੜਕਿਆਂ ਨੇ ਉਸ ਨਾਲ ਧੱਕਾ ਮੁੱਕੀ ਵੀ ਕੀਤੀ। ਉਹ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਸਨ ਪਰ ‘ਵਰਸਿਟੀ ਪ੍ਰਬੰਧਕਾਂ ਨੇ ਉਨ੍ਹਾਂ ਦੇ ਘਰ ਆ ਕੇ ਸ਼ਿਕਾਇਤ ਦਰਜ ਨਾ ਕਰਵਾਉਣ ਲਈ ਅਪੀਲ ਕੀਤੀ। ਇਸ ਤੋਂ ਬਾਅਦ ਵਿਭਾਗ ਦੇ ਮੁਖੀ ਨੇ ਉਨ੍ਹਾਂ ਤੋਂ ਲਿਖਤੀ ਮਾਫ਼ੀ ਮੰਗਵਾ ਕੇ ਮਾਮਲਾ ਰਫਾ ਦਫ਼ਾ ਕਰਵਾ ਦਿੱਤਾ। ਲੜਕੀ ਦੀ ਮਾਤਾ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਬੰਧਕ ਉਨ੍ਹਾਂ ਤੋਂ ਬੱਚਿਆਂ ਦੀ ਸਿਕਿਉਰਿਟੀ ਦੇ ਨਾਮ ‘ਤੇ ਮੋਟੀਆਂ ਫ਼ੀਸਾਂ ਵਸੂਲਦੇ ਹਨ ਪਰ ਸਿਕਿਉਰਿਟੀ ਨਾ ਦੇ ਬਰਾਬਰ ਹੈ। ਦਰਬਾਰਾ ਸਿੰਘ ਗੁਰੂ ਸਕੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਿਹਾ ਕਿ ਵਰਸਿਟੀ ਵਿੱਚੋਂ ਵਿਦਿਆਰਥਣ ਦਾ ਲਾਪਤਾ ਹੋ ਜਾਣਾ ਮੰਦਭਾਗਾ ਹੈ। ਡੀਐਸਪੀ ਗੁਰਦੇਵ ਸਿੰਘ ਧਾਲੀਵਾਲ ਫਤਹਿਗੜ੍ਹ ਸਾਹਿਬ ਨੇ ਕਿਹਾ ਕਿ ਪੁਲੀਸ ਵਿਦਿਆਰਥਣ ਦੇ ਮੋਬਾਈਲ ਦੀਆਂ ਕਾਲਾਂ, ਟਾਵਰ ਲੋਕੇਸ਼ਨ ਤੋਂ ਇਲਾਵਾ ਨੈੱਟ ਨਾਲ ਜੁੜੇ ਹੋਰ ਪਹਿਲੂਆਂ ਨੂੰ ਘੋਖ ਰਹੀ ਹੈ। ਜਲਦ ਹੀ ਪੁਲੀਸ ਵੱਲੋਂ ਕਿਸੇ ਸਾਰਥਿਕ ਨਤੀਜੇ ‘ਤੇ ਪਹੁੰਚਣ ਦੀ ਸੰਭਾਵਨਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਗੁਰਮੋਹਨ ਸਿੰਘ ਵਾਲੀਆ ਨੇ ਕਿਹਾ ਕਿ ਜਿਸ ਦਿਨ ਯੂਨੀਵਰਸਿਟੀ ਤੋਂ ਲੜਕੀ ਗ਼ਾਇਬ ਹੋਈ, ਉਸ ਦਿਨ ਕੈਮਰੇ ਖ਼ਰਾਬ ਸਨ ਜੋ ਹੁਣ ਠੀਕ ਕਰਵਾ ਲਏ ਗਏ ਹਨ। ਉੁਨ੍ਹਾਂ ਕਿਹਾ ਕਿ ਵਿਦਿਆਰਥਣ ਦੇ ਭਰਾ ਨਾਲ ਲੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।