ਪੱਛਮੀ ਬੰਗਾਲ : ਟੌਲ ਪਲਾਜ਼ਿਆਂ `ਤੇ ਫੌਜ ਤਾਇਨਾਤੀ ਦਾ ਮਾਮਲਾ ਭਖਿਆ

ਪੱਛਮੀ ਬੰਗਾਲ : ਟੌਲ ਪਲਾਜ਼ਿਆਂ `ਤੇ ਫੌਜ ਤਾਇਨਾਤੀ ਦਾ ਮਾਮਲਾ ਭਖਿਆ

ਤਖ਼ਤਾਪਲਟ ਦੇ ਖ਼ਦਸ਼ੇ ਡਰੋਂ ਸਕੱਤਰੇਤ ਵਿਚ ਰੁਕੀ ਰਹੀ ਮਮਤਾ ਬੈਨਰਜੀ
ਕੋਲਕਾਤਾ/ਨਵੀਂ ਦਿੱਲੀ/ਬਿਊਰੋ ਨਿਊਜ਼ :
ਪੱਛਮੀ ਬੰਗਾਲ ਵਿੱਚ ਟੌਲ ਪਲਾਜ਼ਿਆਂ `ਤੇ ਫੌਜ ਦੀ ਮੌਜੂਦਗੀ ਦਾ ਮੁੱਦਾ ਭਖ ਗਿਆ ਹੈ। ਰੋਸ ਵਜੋਂ ਸੂਬਾਈ ਸਕੱਤਰੇਤ ਵਿੱਚ ਡੇਰਾ ਜਮਾਈ ਬੈਠੀ ਮੁੱਖ ਮੰਤਰੀ ਮਮਤਾ ਬੈਨਰਜੀ 30 ਘੰਟਿਆਂ ਬਾਅਦ ਬਾਹਰ ਆਈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ‘ਫੌਜੀ ਤਖ਼ਤਾ ਪਲਟ` ਹੈ?
ਇਸ ਮਸਲੇ ਦੀ ਗੂੰਜ ਸੰਸਦ ਵਿੱਚ ਵੀ ਸੁਣਾਈ ਦਿੱਤੀ। ਲੋਕ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਨੇ ਇਸ ਕਦਮ ਪਿੱਛੇ ਗੁੱਝੀ ਸਾਜ਼ਿਸ਼ ਹੋਣ ਦਾ ਦੋਸ਼ ਲਾਇਆ। ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਤੁਰੰਤ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਆਮ ਕਵਾਇਦ ਹੈ। ਫੌਜ ਨੇ ਵੀ ਕਿਹਾ ਕਿ ਇਹ ਕਾਰਵਾਈ ਕੋਲਕਾਤਾ ਪੁਲੀਸ ਨਾਲ ਤਾਲਮੇਲ ਕਰ ਕੇ ਕੀਤੀ ਗਈ।
ਸੰਸਦ ਦੇ ਦੋਵਾਂ ਸਦਨਾਂ ਵਿੱਚ ਇਸ ਮੁੱਦੇ `ਤੇ ਹੰਗਾਮਾ ਹੋਇਆ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਰਾਜ ਦੇ 19 ਟੌਲ ਪਲਾਜ਼ਿਆਂ ਉਤੇ ਫੌਜ ਦੀ ਤਾਇਨਾਤੀ ਬਾਰੇ ਸਪਸ਼ਟੀਕਰਨ ਮੰਗਿਆ। ਲੋਕ ਸਭਾ ਵਿੱਚ ਸ੍ਰੀ ਪਰੀਕਰ ਨੇ ਕਿਹਾ ਕਿ ਭਾਰੇ ਵਾਹਨਾਂ ਦੀ ਗਤੀਵਿਧੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਅਜਿਹੀ ਕਵਾਇਦ ਪਿਛਲੇ ਮਹੀਨੇ ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਵਿੱਚ ਵੀ ਕੀਤੀ ਗਈ। ਪੱਛਮੀ ਬੰਗਾਲ ਨਾਲ ਅਰੁਣਾਂਚਲ ਪ੍ਰਦੇਸ਼, ਮਣੀਪੁਰ, ਨਾਗਾਲੈਂਡ, ਤ੍ਰਿਪੁਰਾ, ਮੇਘਾਲਿਆ ਅਤੇ ਮਿਜ਼ੋਰਮ ਵਿੱਚ ਵੀ ਟੌਲ ਪਲਾਜ਼ਿਆਂ `ਤੇ ਫੌਜ ਤਾਇਨਾਤ ਕੀਤੀ ਗਈ।