ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 7ਵੇਂ ਮਹਾਨ ਨਗਰ ਕੀਰਤਨ ਦੀਆਂ ਰੌਣਕਾਂ ਨੇ ਫਿਜ਼ਾ ਨੂੰ ਖਾਲਸਾਈ ਰੰਗ ‘ਚ ਰੰਗਿਆ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 7ਵੇਂ ਮਹਾਨ ਨਗਰ ਕੀਰਤਨ ਦੀਆਂ ਰੌਣਕਾਂ ਨੇ ਫਿਜ਼ਾ ਨੂੰ ਖਾਲਸਾਈ ਰੰਗ ‘ਚ ਰੰਗਿਆ

ਨਿਊਯਾਰਕ/ਬਿਊਰੋ ਨਿਊਜ਼:
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ, ਜੋ ਈਸਟ ਕੌਸਟ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀ ਅਗਵਾਈ ਕਰਦਾ ਹੈ, ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 7ਵਾਂ ਮਹਾਨ ਨਗਰ ਕੀਰਤਨ 20 ਅਗਸਤ 2017 ਐਤਵਾਰ ਨੂੰ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜ ਨਿਸ਼ਾਨਚੀ ਸਾਹਿਬਾਨ ਤੇ ਪੰਜ ਪਿਆਰੇ ਸਾਹਿਬਾਨ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਜੀ ਦੇ ਅਰਦਾਸ ਕਰਨ ਉਪਰੰਤ ਬਾਅਦ ਦੁਪਹਿਰ 1:00 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਈ। ਨਗਰ ਕੀਰਤਨ ਵਿਚ ਸਭ ਤੋਂ ਅੱਗੇ ਗੁਰਦੁਆਰਾ ਸਾਹਿਬ ਦੇ ਬੱਚਿਆਂ ਦਾ ਬੈਂਡ ਸੀ, ਜੋ  ਪਹਿਲੀ ਵਾਰ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਇਆ ਸੀ। ਉਨ੍ਹਾਂ ਬੱਚਿਆਂ ਤੋਂ ਬਾਅਦ ਇਕ ਫਲੋਟ ਦੇ ਉਪਰ ਪੰਜ ਨਗਾਰੇ ਵਜਾਉਂਦੇ ਹੋਏ ਸਿੰਘ ਜੈਕਾਰਿਆਂ ਦੀ ਗੂੰਜ ਨਾਲ ਇਸ ਨਗਰ ਕੀਰਤਨ ਨੂੰ ਹੋਰ ਵੀ ਅਲੌਕਿਕ ਬਣਾ ਰਹੇ ਸਨ। ਉਨ੍ਹਾਂ ਤੋਂ ਬਾਅਦ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਰਸਤੇ ਨੂੰ ਝਾੜੂਆਂ ਨਾਲ ਸਫ਼ਾਈ ਕਰ ਰਹੀਆਂ ਸਨ।
ਪੰਜ ਨਿਸ਼ਾਨਚੀ ਸਾਹਿਬਾਨ ਦੇ ਅੱਗੇ ਅੱਗੇ ਸੰਗਤਾਂ ਜਲ ਛਿੜਕਾਅ ਕਰ ਰਹੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸੰਗਤਾਂ ਸਤਿਨਾਮ-ਵਾਹਿਗੁਰੂ ਦਾ ਸਿਮਰਨ ਕਰਦੀਆਂ ਚਲ ਰਹੀਆਂ ਸਨ। ਨਗਰ ਕੀਰਤਨ ਵਿਚ 10 ਹਜ਼ਾਰ ਦੇ ਕਰੀਬ ਸੰਗਤਾਂ ਨੇ ਹਾਜ਼ਰੀ ਭਰੀ।
ਨਗਰ ਕੀਰਤਨ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਬੰਬੇ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਇਸ ਤੋਂ ਅਗਲੇ ਫਲੋਟ ਤੇ ਢਾਡੀ ਜਥਾ ਭਾਈ ਕੇਵਲ ਸਿੰਘ ਕੋਮਲ ਦਾ ਜਥਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰ ਰਹੇ ਸਨ। ਇਸ ਤੋਂ ਅਗਲੇ ਫਲੋਟ ਤੇ ਸਿੱਖ ਫਾਰ ਜਸਟਿਸ, ਸਿੱਖ ਯੂਥ ਆਫ਼ ਅਮਰੀਕਾ, ਸ੍ਰਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਨਗਰ ਕੀਰਤਨ ਵਿਚ ਬੱਚਿਆਂ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ।
ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ 101 ਐਵੀਨਿਊ ਤੇ ਸਥਿਤ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਪਹੁੰਚਿਆ, ਜਿੱਥੇ ਸਮੂਹ ਪ੍ਰਬੰਧਕ ਕਮੇਟੀ ਤੇ ਸੰਗਤਾਂ ਨੇ ਨਗਰ ਕੀਰਤਨ ਨੂੰ ਜੀ ਆਇਆ ਕੀਤਾ ਤੇ ਫੁੱਲਾਂ ਦੀ ਵਰਖਾ ਕਰਦਿਆਂ ਰੁਮਾਲਾ ਸਾਹਿਬ ਭੇਂਟ ਕੀਤਾ।
ਨਗਰ ਕੀਰਤਨ ਦੇ ਪੂਰੇ ਰਸਤੇ ਵਿਚ ਜੈਕਾਰਿਆਂ ਦੀ ਗੂੰਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਇਹ ਇਕ ਬਹੁਤ ਹੀ ਅਲੌਕਿਕ ਨਜ਼ਾਰਾ ਸੀ। ਸੰਗਤਾਂ ਦੇ ਹੱਥ ਵਿਚ ਫੜੀਆਂ ਕੇਸਰੀ ਝੰਡੀਆਂ ਇਸ ਤਰ੍ਹਾਂ ਅਹਿਸਾਸ ਕਰਵਾ ਰਹੀਆਂ ਸਨ, ਜਿਵੇਂ ਹਰ ਪਾਸੇ ਖਾਲਸੇ ਦਾ ਰਾਜ ਹੋ ਗਿਆ ਹੋਵੇ।
ਗੁਰਦੁਆਰਾ ਸਾਹਿਬ ਪਹੁੰਚ ਕੇ ਗਿਆਨੀ ਭੁਪਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਨਾਂ ਤੇ ਬਿਰਾਜਮਾਨ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਸਦਕਾ ਜੈਕਾਰਿਆਂ ਦੀ ਗੂੰਜ ਵਿਚ ਇਹ ਨਗਰ ਕੀਰਤਨ ਸੰਪੰਨ ਹੋਇਆ। ਪੂਰੇ ਰਸਤੇ ਵਿਚ ਸੰਗਤਾਂ ਲਈ ਥਾਂ ਥਾਂ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸੰਗਤਾਂ ਨੇ ਲੰਗਰਾਂ ਦਾ ਖੂਬ ਆਨੰਦ ਮਾਣਿਆ।
ਨਗਰ ਕੀਰਤਨ ਦੇ ਗੁਰਦੁਆਰਾ ਸਾਹਿਬ ਵਾਪਸ ਪਹੁੰਚਣ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਵਿਸ਼ੇਸ਼ ਤੌਰ ਤੇ ਗੁਰੂ ਰਾਮ ਦਾਸ ਵੈਲਫੇਅਰ ਸੁਸਾਇਟੀ ਆਫ਼ ਹਰਿਆਣਾ ਵੱਲੋਂ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ.
ਜਨਰਲ ਸੈਕਟਰੀ ਭੁਪਿੰਦਰ ਸਿੰਘ ਅਟਵਾਲ, ਕੁਲਦੀਪ ਸਿੰਘ ਵੜੈਚ ਨੇ ਨਗਰ ਕੀਰਤਨ ਦੌਰਾਨ ਸਟੇਜ ਦੀ ਕਾਰਵਾਈ ਬਹੁਤ ਸੁਚੱਜੇ ਢੰਗ ਨਾਲ ਨਿਭਾਈ। ਕੋਆਡੀਨੇਟਰ ਗੁਰਦੇਵ ਸਿੰਘ ਕੰਗ, ਚੇਅਰਮੈਨ ਸੁਰਜੀਤ ਸਿੰਘ ਮੂਧਲ ਨੇ ਇਸ ਨਗਰ ਕੀਰਤਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਵਿਚ ਪੂਰਾ ਯੋਗਦਾਨ ਪਾਇਆ। ਮੁੱਖ ਸੇਵਾਦਾਰ ਕੁਲਦੀਪ ਸਿੰਘ ਢਿੱਲੋਂ ਨੇ ਸਾਰੀਆਂ ਸੰਗਤਾਂ ਤੇ ਪਤਵੰਤੇ ਸੱਜਣਾਂ ਦਾ ਨਗਰ ਕੀਰਤਨ ਤੇ ਪਹੁੰਚਣ ਤੇ ਧੰਨਵਾਦ ਕੀਤਾ ਤੇ ਸਮੂਹ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵੱਲੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।
ਗੁਰਦੁਆਰਾ ਸਾਹਿਬ ਵੱਲੋਂ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵਿਚੋਂ ਕੁਲਵਿੰਦਰ ਸਿੰਘ ਜੋ ਹਰ ਵਾਰ ਟੋਅ ਟਰੱਕ ਦੀ ਸੇਵਾ ਕਰਦੇ ਹਨ, ਭਿੰਦਾ ਡੀ ਜੇ ਜਿਨ੍ਹਾਂ ਵਲੋਂ ਡੀ ਜੇ ਦੀ ਸੇਵਾ ਕੀਤੀ ਜਾਂਦੀ ਹੈ, ਆਪਣਾ ਬਾਜ਼ਾਰ ਦੇ ਜਸਵਿੰਦਰ ਸਿੰਘ ਜਿਨ੍ਹਾਂ ਵੱਲੋਂ ਨਗਰ ਕੀਰਤਨ ਦੇ ਲਈ ਸੁੱਕੇ ਮੇਵਿਆਂ ਦੇ ਪ੍ਰਸ਼ਾਦ ਦੀ ਸੇਵਾ ਕੀਤੀ ਜਾਂਦੀ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਪੂਰੇ ਨਗਰ ਕੀਰਤਨ ਨੂੰ ਕਵਰ ਕੀਤਾ।