ਅਮਰੀਕਾ ਨੇ ਸੀਰੀਆ ਦੇ ਸ਼ਿਆਰਤ ਏਅਰਬੇਸ ‘ਤੇ 59 ਮਿਜ਼ਾਈਲਾਂ ਦਾਗ਼ੀਆਂ, 9 ਨਾਗਰਿਕਾਂ ਦੀ ਮੌਤ
ਕੈਪਸ਼ਨ-ਸੀਰੀਆ ਦੇ ਇੰਦਲੀਬ ਸੂਬੇ ਵਿੱਚ ਰਸਾਇਣਕ ਹਮਲੇ ਵਿੱਚ ਰੂਸ ਦੀ ਸ਼ਮੂਲੀਅਤ ਨੂੰ ਲੈ ਕੇ ਅੰਕਾਰਾ ਵਿੱਚ ਲੋਕ ਰੂਸ ਦੇ ਸਫਾਰਤਖਾਨੇ ਦੇ ਬਾਹਰ ਮੁਜ਼ਾਹਰਾ ਕਰਦੇ ਹੋਏ।
ਦਮਸ਼ਕ/ਬਿਊਰੋ ਨਿਊਜ਼ :
ਅਮਰੀਕਾ ਵੱਲੋਂ ਸੀਰੀਆ ਦੇ ਕੇਂਦਰੀ ਹਿੱਸੇ ਵਿੱਚ ਇਕ ਏਅਰਬੇਸ ਉਤੇ ਕੀਤੇ ਮਿਜ਼ਾਈਲ ਹਮਲੇ ਵਿੱਚ ਨੌਂ ਨਾਗਰਿਕ ਮਾਰੇ ਗਏ। ਮਰਨ ਵਾਲਿਆਂ ਵਿੱਚ ਚਾਰ ਬੱਚੇ ਸ਼ਾਮਲ ਹਨ।
ਸਰਕਾਰੀ ਖ਼ਬਰ ਏਜੰਸੀ ਸਨਾ ਨੇ ਕਿਹਾ ਕਿ ਤਿੰਨ ਬੱਚਿਆਂ ਸਣੇ ਪੰਜ ਵਿਅਕਤੀ ਏਅਰਬੇਸ ਤੋਂ ਬਾਹਰ ਸਥਿਤ ਪਿੰਡ ਸ਼ਿਆਰਤ ਵਿੱਚ ਮਾਰੇ ਗਏ। ਇਕ ਅਮਰੀਕੀ ਮਿਜ਼ਾਈਲ ਪਿੰਡ ਅਲ-ਹਮਰਤ ਵਿੱਚ ਵੀ ਟਕਰਾਈ, ਜਿਸ ਕਾਰਨ ਇਕ ਬੱਚੇ ਸਣੇ ਚਾਰ ਜਣੇ ਮਾਰੇ ਗਏ। ਸ਼ਿਆਰਤ ਏਅਰਬੇਸ ਤੋਂ ਚਾਰ ਕਿਲੋਮੀਟਰ ਦੂਰ ਅਲ-ਮੰਜ਼ੁਲ ਵਿੱਚ ਘਰਾਂ ਨਾਲ ਮਿਜ਼ਾਈਲ ਟਕਰਾਉਣ ਕਾਰਨ ਸੱਤ ਨਾਗਰਿਕ ਜ਼ਖ਼ਮੀ ਹੋਏ। ਅਮਰੀਕਾ ਨੇ ਕਿਹਾ ਕਿ ਉਸ ਨੇ ਸ਼ਿਆਰਤ ਏਅਰਬੇਸ ਵੱਲ 59 ਕਰੂਜ਼ ਮਿਜ਼ਾਈਲਾਂ ਦਾਗੀਆਂ। ਇਸ ਕਾਰਵਾਈ ਨੂੰ ਸੀਰੀਆ ਸਰਕਾਰ ਵੱਲੋਂ ਬੀਤੇ ਦਿਨੀਂ ਬਾਗੀਆਂ ਦੇ ਕਬਜ਼ੇ ਵਾਲੇ ਸ਼ਹਿਰ ਵਿੱਚ ਕੀਤੇ ਰਸਾਇਣਕ ਹਮਲੇ ਦਾ ਜਵਾਬ ਦੱਸਿਆ ਜਾ ਰਿਹਾ ਹੈ। ਇਸ ਰਸਾਇਣਕ ਹਮਲੇ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਹਿਸ਼ੀ ਦੱਸਿਆ ਸੀ। ਪੈਂਟਾਗਨ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਖ਼ਾਨ ਸ਼ੇਖੁਨ ਸ਼ਹਿਰ ਵਿੱਚ ਰਸਾਇਣਕ ਹਮਲਾ ਕਰਨਾ ਵਾਲਾ ਜਹਾਜ਼ ਸ਼ਿਆਰਤ ਏਅਰਬੇਸ ਤੋਂ ਉੱਡਿਆ ਸੀ।
ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਸੀਰੀਆ ਵਿੱਚ ਰੂਸੀ ਕਮਾਂਡਰਾਂ ਨੂੰ ਹਮਲੇ ਤੋਂ ਪਹਿਲਾਂ ਜਾਣਕਾਰੀ ਦੇ ਦਿੱਤੀ ਗਈ ਸੀ ਤਾਂ ਕਿ ਵੱਡੇ ਨੁਕਸਾਨ ਨੂੰ ਟਾਲਿਆ ਜਾ ਸਕੇ। ਸੀਰਿਆਈ ਫੌਜ ਨੇ ਪਹਿਲਾਂ ਕਿਹਾ ਸੀ ਕਿ ਏਅਰਬੇਸ ਉਤੇ ਹਮਲੇ ਵਿੱਚ ਛੇ ਜਣੇ ਮਾਰੇ ਗਏ। ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਨੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਉਤੇ ਸਿੱਧਾ ਹਮਲਾ ਕੀਤਾ ਹੈ।
ਇਸੇ ਦੌਰਾਨ ਸੀਰੀਆ ਨੇ ਅਮਰੀਕੀ ਮਿਜ਼ਾਈਲ ਹਮਲੇ ਦੀ ਨਿਖੇਧੀ ਕੀਤੀ ਹੈ, ਜਦੋਂ ਕਿ ਵਿਰੋਧੀ ਧਿਰ ਨੇ ਰਾਸ਼ਟਰਪਤੀ ਬਸ਼ਰ ਅਲ ਅਸਦ ਵਿਰੁੱਧ ਫੌਜੀ ਕਾਰਵਾਈ ਦਾ ਸਵਾਗਤ ਕੀਤਾ ਹੈ। ਇਸ ਹਮਲੇ ਨਾਲ ਅਸਦ ਦੇ ਮੁੱਖ ਸਹਿਯੋਗੀ ਰੂਸ ਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਤਣਾਅ ਵਧ ਸਕਦਾ ਹੈ। ਸੀਰੀਆ ਵਿੱਚ ਵਿਰੋਧੀ ਧਿਰ ਦੀ ਹਮਾਇਤ ਕਰ ਰਹੇ ਸਾਊਦੀ ਅਰਬ ਤੇ ਤੁਰਕੀ ਨੇ ਮਿਜ਼ਾਈਲ ਹਮਲੇ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਟਰੰਪ ਦਾ ‘ਸਾਹਸੀ ਫੈਸਲਾ’ ਦੱਸਿਆ ਹੈ। ਸੀਰੀਆ ਸਰਕਾਰ ਦੇ ਇਕ ਹੋਰ ਨੇੜਲੇ ਸਹਿਯੋਗੀ ਇਰਾਨ ਨੇ ਹਮਲੇ ਦੀ ਨਿਖੇਧੀ ਕਰਦਿਆਂ ਇਸ ਇਕਤਰਫਾ ਕਾਰਵਾਈ ਨੂੰ ਖ਼ਤਰਨਾਕ ਦੱਸਿਆ।
ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਸੀਰੀਆ ‘ਤੇ ਬੰਬਾਰੀ ਦਾ ਇਹ ਸਭ ਤੋਂ ਵੱਧ ਨਾਟਕੀ ਫੌਜੀ ਹੁਕਮ ਹੈ ਅਤੇ ਇਸ ਨਾਲ ਸੀਰੀਆ ਦੇ ਗੁੰਝਲਦਾਰ ਸੰਘਰਸ਼ ਵਿੱਚ ਅਮਰੀਕੀ ਪ੍ਰਸ਼ਾਸਨ ਹੋਰ ਡੂੰਘਾ ਧੱਕਿਆ ਗਿਆ ਹੈ। ਇਸ ਦੌਰਾਨ ਰੂਸ ਦੇ ਸਰਕਾਰੀ ਟੀਵੀ ਚੈਨਲ ‘ਰੋਸਿਆ24’ ਨੇ ਦਾਅਵਾ ਕੀਤਾ ਕਿ ਅਮਰੀਕੀ ਹਮਲੇ ਵਿੱਚ ਅਸਲਾ ਤੇ ਤੇਲ ਡਿੱਪੂਆਂ ਸਣੇ ਨੌਂ ਜਹਾਜ਼ ਤਬਾਹ ਹੋ ਗਏ ਪਰ ਹਵਾਈ ਪੱਟੀ ਠੀਕ ਹੈ।
ਬਸ਼ਰ ਅਲ ਅਸਦ ਨੇ ਮੂਰਖਤਾਪੂਰਨ ਕਾਰਵਾਈ ਦੱਸਿਆ :
ਦਮਸ਼ਕ: ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਦਫ਼ਤਰ ਨੇ ਸੀਰੀਆ ਵਿੱਚ ਹਵਾਈ ਅੱਡੇ ਉਤੇ ਅਮਰੀਕੀ ਮਿਜ਼ਾਈਲ ਹਮਲੇ ਨੂੰ ‘ਮੂਰਖਤਾ ਤੇ ਗ਼ੈਰ ਜ਼ਿੰਮੇਵਾਰਾਨਾ’ ਦੱਸਿਆ ਹੈ। ਇੱਥੇ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਕਿ ਅਮਰੀਕਾ ਦੇ ਗ਼ੈਰ ਜ਼ਿੰਮੇਵਾਰੀ ਵਾਲੇ ਰਵੱਈਏ ਤੋਂ ਉਸ ਦੀ ਹਕੀਕਤ ਬਾਰੇ ਸਿਆਸੀ ਤੇ ਫੌਜੀ ਮੂਰਖਤਾ ਅਤੇ ਦੂਰ ਅੰਦੇਸ਼ੀ ਦੀ ਘਾਟ ਝਲਕਦੀ ਹੈ। ਅਸਦ ਦੇ ਦਫ਼ਤਰ ਨੇ ਕਿਹਾ ਕਿ ਇਸ ਹਮਲੇ ਨਾਲ ਅਤਿਵਾਦੀ ਤੱਤਾਂ ਉਤੇ ਹਮਲੇ ਲਈ ਸੀਰੀਆ ਦੀ ਵਚਨਬੱਧਤਾ ਵਧੀ ਹੈ ਅਤੇ ਸੀਰੀਆ ਦੀ ਧਰਤੀ ਦੇ ਜਿਸ ਹਿੱਸੇ ਵਿੱਚ ਵੀ ਅਤਿਵਾਦੀ ਛੁਪੇ ਹੋਣਗੇ, ਉਨ੍ਹਾਂ ਵਿਰੁੱਧ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
ਨਾਟੋ ਨੇ ਸੀਰੀਆ ‘ਤੇ ਮੜ੍ਹਿਆ ਦੋਸ਼ :
ਬ੍ਰਸਲਜ਼ : ਨਾਟੋ ਦੇ ਮੁਖੀ ਜੇਨਜ਼ ਸਟੋਲਨਬਰਗ ਨੇ ਮਿਜ਼ਾਈਲ ਹਮਲੇ ਦਾ ਦੋਸ਼ ਸੀਰੀਆ ਉਤੇ ਮੜ੍ਹਿਆ ਹੈ। ਉਨ੍ਹਾਂ ਇਕ ਬਿਆਨ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਬਾਗੀਆਂ ਦੇ ਕਬਜ਼ੇ ਵਾਲੇ ਇਕ ਸ਼ਹਿਰ ਉਤੇ ਕੀਤੇ ਸ਼ੱਕੀ ਰਸਾਇਣਕ ਹਮਲੇ ਕਾਰਨ ਇਹ ਮਿਜ਼ਾਈਲ ਹਮਲਾ ਕੀਤਾ ਗਿਆ, ਜਿਸ ਦੀ ਪੂਰੀ ਜ਼ਿੰਮੇਵਾਰੀ ਸੀਰੀਆ ਸਰਕਾਰ ਦੀ ਬਣਦੀ ਹੈ।











Comments (0)