ਪਾਕਿਸਤਾਨ ਵਿਚ ਮਨਾਇਆ 350ਵਾਂ ਪ੍ਰਕਾਸ਼ ਪੁਰਬ
ਅੰਮ੍ਰਿਤਸਰ/ਬਿਊਰੋ ਨਿਊਜ਼ :
ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਪਾਕਿਸਤਾਨ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਿਸ਼ਾਵਰੀ ਸਿੱਖ ਸੰਗਤ ਹਾਜ਼ਰ ਰਹੀ ਤੇ ਗੁਰਦੁਆਰਾ ਸਾਹਿਬ ਦੇ ਅੰਦਰ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਦੀ ਗੂੰਜ ਵਿਚ ਗੁਰਪੁਰਬ ਮਨਾਇਆ ਗਿਆ ਅਤੇ ਸੰਗਤ ਵੱਲੋਂ ਮਹਿਕਦੇ ਫੁੱਲਾਂ ਦੀ ਵਰਖਾ ਕੀਤੀ ਗਈ। ਕੀਰਤਨੀ ਤੇ ਰਾਗੀ ਜਥਿਆਂ ਵੱਲੋਂ ਹਾਜ਼ਰ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਓਧਰ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਦੇ ਕੇਅਰ ਟੇਕਰ ਅਸਮਤ ਉੱਲਾ ਖ਼ਾਂ ਮਾਰਵਤ ਅਨੁਸਾਰ ਭਾਵੇਂ ਕਿ ਪਿਸ਼ਾਵਰੀ ਸਿੱਖ ਸੰਗਤ ਦੇ ਵੱਡੀ ਗਿਣਤੀ ਵਿਚ ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ ਵਿਚ ਪਹੁੰਚਣ ਕਰਕੇ ਗੁਰਦੁਆਰਾ ਪੰਜਾ ਸਾਹਿਬ ਵਿਚ ਵਧੇਰੇ ਰੌਣਕ ਨਹੀਂ ਰਹੀ, ਪਰ ਇਸ ਦੇ ਬਾਵਜੂਦ ਗੁਰਦੁਆਰਾ ਸਾਹਿਬ ਵਿਚ ਬਹੁਤ ਸਜਾਵਟ ਕੀਤੀ ਗਈ। ਗੁਰਦੁਆਰਾ ਪੰਜਾ ਸਾਹਿਬ, ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਤੇ ਗੁਰਦੁਆਰਾ ਭਾਈ ਜੋਗਾ ਸਿੰਘ ਵਿਚ ਰੱਖੇ ਅਖੰਡ ਪਾਠ ਦੇ ਭੋਗ ਉਪਰੰਤ ਢਾਡੀ, ਰਾਗੀ ਤੇ ਕਵੀਸ਼ਰੀ ਦਰਬਾਰ ਸਹਿਤ ਕਥਾ ਕੀਰਤਨ ਜਾਰੀ ਰਿਹਾ ਅਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਵਰਤਾਏ ਗਏ। ਦੁਪਹਿਰ ਬਾਅਦ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਕੀਰਤਨ, ਕਵੀਸ਼ਰੀ, ਭਾਸ਼ਣ ਤੇ ਖੇਡ ਮੁਕਾਬਲਿਆਂ ਵਿਚ ਜੇਤੂ ਰਹੀਆਂ ਟੀਮਾਂ ਸਹਿਤ ਕੀਰਤਨੀ, ਢਾਡੀ ਤੇ ਰਾਗੀ ਜਥਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਪਾਕਿਸਤਾਨ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਸਮੇਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੋਪਾਲ ਸਿੰਘ ਚਾਵਲਾ, ਮਨਿੰਦਰ ਸਿੰਘ, ਬਿਸ਼ਨ ਸਿੰਘ ਤੇ ਸ. ਰਮੇਸ਼ ਸਿੰਘ ਅਰੋੜਾ, ਖ਼ਾਨ ਸਿੰਘ, ਦਿਲਾਵਰ ਸਿੰਘ, ਮਸਤਾਨ ਸਿੰਘ, ਦਲਵੰਤ ਸਿੰਘ, ਭਾਈ ਬਲਵੰਤ ਸਿੰਘ ਤੇ ਹੈੱਡ ਗ੍ਰੰਥੀ ਭਾਈ ਪ੍ਰੇਮ ਸਿੰਘ ਮੌਜੂਦ ਸਨ।











Comments (0)