ਨੋਟਬੰਦੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਸਣੇ ਹੋਰ ਆਗੂਆਂ ਨੇ ਬਦਲੇ 31,118 ਕਰੋੜ ਦੇ ਪੁਰਾਣੇ ਨੋਟ

ਨੋਟਬੰਦੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਸਣੇ ਹੋਰ ਆਗੂਆਂ ਨੇ ਬਦਲੇ 31,118 ਕਰੋੜ ਦੇ ਪੁਰਾਣੇ ਨੋਟ

ਨਵੀਂ ਦਿੱਲੀ/ਬਿਊਰੋ ਨਿਊਜ਼ :

 
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵੱਡੇ ਹਮਲੇ ਦੀ ਮਾਰ ਹੇਠ ਆ ਗਏ ਹਨ। ਮਾਮਲਾ ਨੋਟਬੰਦੀ ਦੌਰਾਨ ਕਾਲੇ ਧਨ ਨੂੰ ਕਥਿਤ ਤੌਰ ‘ਤੇ ਚਿੱਟਾ ਕਰਨ ਨਾਲ ਜੁੜਿਆ ਹੈ। ਨੋਟਬੰਦੀ ਦੌਰਾਨ ਸ੍ਰੀ ਸ਼ਾਹ ਅਤੇ ਹੋਰ ਭਾਜਪਾ ਆਗੂਆਂ ਨੇ 31,118 ਕਰੋੜ ਰੁਪਏ ਗੁਜਰਾਤ ਦੇ 11 ਜ਼ਿਲ੍ਹਾ ਕੋਆਪਰੇਟਿਵ ਬੈਂਕਾਂ ਵਿੱਚ ਜਮ੍ਹਾਂ ਕਰਵਾ ਕੇ ਨਵੇਂ ਨੋਟਾਂ ’ਚ ਤਬਦੀਲ ਕਰਾਏ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇਨ੍ਹਾਂ ਆਗੂਆਂ ਨੇ ਆਪਣੇ ਕਾਲੇ ਧਨ ਨੂੰ ‘ਸਫੇਦ’ ਕੀਤਾ।  ਇਹ ਖੁਲਾਸਾ ਆਰਟੀਆਈ ਰਾਹੀਂ ਹੋਇਆ ਦੱਸਿਆ ਜਾਂਦਾ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ’ਤੇ ਵਿਅੰਗ ਕੱਸਦਿਆਂ ਉਨ੍ਹਾਂ ਨੂੰ ਤੇਜ਼ੀ ਨਾਲ ਪੁਰਾਣੇ ‘ਨੋਟ’ ਬਦਲਵਾਉਣ ਲਈ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੌਰਾਨ ਸ੍ਰੀ ਸ਼ਾਹ ਅਤੇ ਹੋਰ ਭਾਜਪਾ ਆਗੂਆਂ ਨੇ 31,118 ਕਰੋੜ ਰੁਪਏ ਗੁਜਰਾਤ ਦੇ 11 ਜ਼ਿਲ੍ਹਾ ਕੋਆਪਰੇਟਿਵ ਬੈਂਕਾਂ ਵਿੱਚ ਜਮ੍ਹਾਂ ਕਰਵਾ ਕੇ ਨਵੇਂ ਨੋਟਾਂ ’ਚ ਤਬਦੀਲ ਕਰਾਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇਨ੍ਹਾਂ ਆਗੂਆਂ ਨੇ ਆਪਣੇ ਕਾਲੇ ਧਨ ਨੂੰ ‘ਸਫੇਦ’ ਕੀਤਾ।

ਸੋਸ਼ਲ ਮੀਡੀਆ ’ਤੇ ਇਕ ਪੋਸਟ ਅਨੁਸਾਰ ਸ੍ਰੀ ਗਾਂਧੀ ਕਹਿ ਰਹੇ ਹਨ, ਕਿ ‘‘ਅਮਿਤ ਸ਼ਾਹ ਜੀ ਮੁਬਾਰਕ, ਡਾਇਰੈਕਟਰ ਅਹਿਮਦਾਬਾਦ ਜ਼ਿਲ੍ਹਾ ਕੋਆਪਰੇਟਿਵ ਬੈਂਕ, ਤੁਹਾਡੇ ਬੈਂਕ ਵੱਲੋਂ ਪੁਰਾਣੇ ਨੋਟਾਂ ਨੂੰ ਤੇਜ਼ੀ ਨਾਲ ਨਵੇਂ ਨੋਟਾਂ ’ਚ ਤਬਦੀਲ ਕਰਨ ਦੀ ਰਫ਼ਤਾਰ ਕਾਰਨ ਮਿਲੇ ਪਹਿਲੇ ਪੁਰਸਕਾਰ ਲਈ, ਮੁਬਾਰਕ, ਤੁਸੀਂ ਪੰਜ ਦਿਨਾਂ ’ਚ 750 ਕਰੋੜ ਦੇ ਪੁਰਾਣੇ ਨੋਟ ਬਦਲ ਕੇ ਰਿਕਾਰਡ ਕਾਇਮ ਕੀਤਾ। ਜਦੋਂ ਕਿ ਨੋਟਬੰਦੀ ਦੌਰਾਨ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ। ਤੁਹਾਡੀ ਇਸ ਪ੍ਰਾਪਤੀ ਨੂੰ ਸਲਾਮ।’’ ਰਾਹੁਲ ਗਾਂਧੀ ਦੀ ਇਹ ਟਿੱਪਣੀ ਆਰਟੀਆਈ ਦੇ 7 ਮਈ ਨੂੰ ਆਏ ਜਵਾਬ ਤੋਂ ਬਾਅਦ ਆਈ। ਅਮਿਤ ਸ਼ਾਹ ਇਸ ਬੈਂਕ ਦੇ ਡਾਇਰੈਕਟਰ ਹਨ ਅਤੇ ਪਹਿਲਾਂ ਚੇਅਰਮੈਨ ਵੀ ਰਹਿ ਚੁੱਕੇ ਹਨ।