ਸਫਰ-ਏ-ਸ਼ਹਾਦਤ : ਆਨੰਦਪੁਰ ਤੋਂ ਸਰਹਿੰਦ ਦੀ ਦੀਵਾਰ ਤੀਕ
ਚਮਕੌਰ ਸਾਹਿਬ,ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਗੁਰੂਆਂ ਦੀ ਵਰੋਸਾਈ ਪੰਜਾਬ ਦੀ ਧਰਤੀ ਉਤੇ ਇਨ੍ਹੀਂ ਦਿਨੀਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਸਮੇਤ ਤਮਾਮ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾਵਾਂ ਚੱਲ ਰਹੀਆਂ ਹਨ। ਗੁਰੂ ਪਿਤਾ ਦੇ ਪਰਿਵਾਰ ਤੇ ਸਿੰਘਾਂ ਦੇ ਸ੍ਰੀ ਆਨੰਦਪੁਰ ਦੀ ਧਰਤੀ ਤੋਂ ਸ਼ੁਰੂ ਹੋਏ ਇਸ ਸਫਰ-ਏ-ਸ਼ਹਾਦਤ ਨੂੰ ਯਾਦ ਕਰਦਿਆਂ ਸਿੱਖ ਸੰਗਤ ਹਰ ਸਾਲ ਚੱਪੇ-ਚੱਪੇ ‘ਤੇ ਸ਼ਹੀਦੀ ਸਭਾਵਾਂ ਰਾਹੀਂ ਸਿੱਖ ਇਤਿਹਾਸ ਦੇ ਉਸ ਭੀਆਵਲੇ ਸਮੇਂ ਨੂੰ ਆਤਮਸਾਤ ਕਰਦੀ ਆ ਰਹੀ ਹੈ। ਇਸ ਵਾਰ ਵੀ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਦੀ ਆਮਦ ਹੁੰਦੀ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਸ੍ਰੀ ਚਮਕੌਰ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ, ਸ੍ਰੀ ਜੋਤੀ ਸਰੂਪ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਖੇ ਨਤਮਸਤਕ ਹੋਏ ਅਤੇ ਹੋ ਰਹੇ ਹਨ। ਵੱਡੀ ਗਿਣਤੀ ਸੰਗਤਾਂ ਦੀ ਆਮਦ ਨੂੰ ਮੁੱਖ ਰਖ ਕੇ ਸ਼ਰਧਾਲੂਆਂ ਵਲੋਂ ਦਿਨ-ਰਾਤ ਅਤੁੱਟ ਲੰਗਰ ਵਰਤਾਏ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਗਏ ਹਨ, ਤਾਂ ਕਿ ਦੂਰੋਂ-ਦੂਰੋਂ ਆ ਰਹੀਆਂ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ। ਸਰਹਿੰਦ ਦੇ ਆਮ ਖ਼ਾਸ ਬਾਗ਼ ਵਿਖੇ ਹਰ ਰੋਜ਼ ਇਤਿਹਾਸਕ ਨਾਟਕ ਦਿਖਾਏ ਜਾ ਰਹੇ ਹਨ।
ਦਸਮੇਸ਼ ਪਿਤਾ ਦੇ ਸੁਨੇਹੇ ਨੂੰ ਸੁਣਨ ਦੀ ਬੇਲਾ : ਇਹ ਦਿਨ ਮਾਛੀਵਾੜੇ ਤੋਂ ਆਉਂਦੇ ਉਸ ਸੁਨੇਹੇ ਨੂੰ ਸੁਨਣ, ਮਹਿਸੂਸ ਕਰਨ ਅਤੇ ਜੇ ਹੋ ਸਕੇ ਤਾਂ ਮੰਨਣ ਦੇ ਦਿਨ ਹਨ, ਜਿਹੜਾ ਦਸਮੇਸ਼ ਪਿਤਾ ਨੇ ਆਪਣੇ ਮਾਲਕ ਪਰਮ ਪਿਤਾ ਨੂੰ ਮਾਛੀਵਾੜੇ ਦੇ ਜੰਗਲਾਂ ਵਿਚ ਸੂਲਾਂ ਦੀ ਸੇਜ ਉਤੇ, ਟਿੰਢ ਦਾ ਸਿਰਹਾਣਾ ਲਾ ਕੇ, ਸ਼ੂਕਦੀ ਠੰਡ ਵਿਚ ਆਪਣੇ ਸਮੁੱਚੇ ਪਰਿਵਾਰ ਅਤੇ ਜਾਨ ਤੋਂ ਪਿਆਰੇ ਸਮੂਹ ਸਿੰਘਾਂ ਤੋਂ ਵਿਛੜ ਕੇ ਦਿੱਤਾ ਸੀ। ਸੰਸਾਰ ਦੇ ਸਭ ਤੋਂ ਕਰੜੇ ਇਮਤਿਹਾਨ ਨੂੰ ਸਫ਼ਲਤਾ ਨਾਲ ਪਾਸ ਕਰਨ ਉਪਰੰਤ ਕਲਗੀਆਂ ਵਾਲੇ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਉਸ ਦੀ ਕ੍ਰਿਪਾ ਨੂੰ ਪਲ-ਪਲ ਲੋਚਿਆ ਸੀ। ਦਸਮੇਸ਼ ਪਿਤਾ ਨੇ ਆਪਣੇ ਸਰਬੰਸ ਨੂੰ ਵਾਰ ਕੇ ਅਤੇ ਸਮੁੱਚੇ ਖਾਲਸਾ ਪੰਥ ਤੋਂ ਵਿਛੜਣ ਉਪਰੰਤ ਵਾਹਿਗੁਰੂ ਨੂੰ ਆਪਣੇ ਅੰਗ-ਸੰਗ ਰਹਿਣ ਦੀ ਜੋਦੜੀ ਕੀਤੀ ਅਤੇ ਪ੍ਰਮਾਤਮਾ ਦੇ ਸਾਥ ਲਈ ਹਰ ਵਿਛੋੜੇ ਨੂੰ ਤੁੱਛ ਦੱਸਿਆ ਸੀ। ਉਸ ਮਹਾਨ ਗੁਰੂ, ਜਿਸ ਨੇ ਇਕ ਨਿਆਰੀ ਤੇ ਨਿਰਾਲੀ ਕੌਮ ਸਿਰਜਣ ਲਈ ਰੂਹਾਨੀ ਰੰਗਾਂ ਦੇ ਇਤਿਹਾਸਕ ਮਿਸ਼ਰਣ ਲਈ ਆਪਣੇ ਸਰਬੰਸ ਨੂੰ ਵਾਰਿਆ, ਉਸ ਮਹਾਨ ਗੁਰੂ ਦਾ ਮਾਛੀਵਾੜੇ ਦੇ ਜੰਗਲਾਂ ਤੋਂ ਆਇਆ ਸੁਨੇਹਾ ਅੱਜ ਉਸ ਦੀ ਕੌਮ ਕਿੰਨਾ ਕੁ ਸੁਣਦੀ ਹੈ, ਕਿੰਨਾ ਕੁ ਮੰਨਦੀ ਹੈ, ਇਹੋ ਸਵਾਲ ਗੌਰ ਕਰਨ ਵਾਲਾ ਹੈ। ਹਰ ਸਿੱਖ ਨੂੰ ਉਹ ਦ੍ਰਿਸ਼ ਯਾਦ ਹੋਣ, ਜਦੋਂ ਨੀਲੇ ਦੇ ਸ਼ਾਹ ਅਸਵਾਰ, ਆਪਣਾ ਸਭ ਕੁਝ ਵਾਰ ਕੇ ਮਾਛੀਵਾੜੇ ਦੇ ਜੰਗਲਾਂ ਵਿਚ ਨੀਲੇ ਅਸਮਾਨ ਹੇਠ ਪਏ, ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਸਨ। ਇਨ੍ਹਾਂ ਦਿਨਾਂ ਵਿਚ ਸਾਨੂੰ ਆਪਣੇ ਮਨ ਦੀਆਂ ਅੱਖਾਂ ਨਾਲ ਉਸ ਅਦੁੱਤੀ ਅਤੇ ਅਲੌਕਿਕ ਦ੍ਰਿਸ਼ ਨੂੰ ਇਕ ਵਾਰ ਚਿਤਵਨ ਦਾ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ।
ਸ਼ਾਇਦ ਕਿਤੇ ਨਾ ਕਿਤੇ ਅਸੀਂ ਅੱਜ ‘ਯਾਰੜੇ ਦੇ ਸੱਥਰ’ ਦੀ ਥਾਂ ‘ਖੇੜਿਆਂ ਦੀਆਂ ਮਹਿਲ ਮੁਨਾਰੀਆਂ’ ਮੰਗਣ ਦੇ ਰਾਹ ਤੁਰ ਪਏ ਹਾਂ। ਪੋਹ ਦਾ ਸ਼ਹਾਦਤਾਂ ਭਰਿਆ ਮਹੀਨਾ ਸਾਨੂੰ ਹਰ ਪਲ, ਹਰ ਦਿਨ, ਹਰ ਘੜੀ ਉਨ੍ਹਾਂ ਸ਼ਹਾਦਤਾਂ ਦਾ ਅਹਿਸਾਸ ਕਰਵਾਉਂਦਾ ਹੈ, ਜਿਹੜੀਆਂ ਸਿੱਖੀ ਦੇ ਮਹਾਨ ਮਹਿਲ ਦੀ ਬੁਨਿਆਦ ਨੂੰ ਪੱਕਾ ਕਰਨ ਲਈ ਗੁਰੂ ਦੇ ਸਿਦਕੀ ਸਿੱਖਾਂ ਨੇ ਦਿੱਤੀਆਂ ਸਨ। ਚਮਕੌਰ ਦੀ ਗੜੀ ‘ਚ ਹਜ਼ਾਰਾਂ ਦੁਸ਼ਮਣਾਂ ਨੂੰ ਦਿਨੇ ਤਾਰੇ ਦਿਖਾਉਣ ਅਤੇ ਆਪਣੇ ਜਿਗਰ ਦੇ ਟੋਟਿਆਂ ਨੂੰ ਆਪਣੇ ਹੱਥੀਂ ਮੈਦਾਨੇ ਜੰਗ ਵਿੱਚ ਤੋਰ ਕੇ ਸ਼ਹੀਦ ਕਰਵਾਉਣ ਅਤੇ ਫਿਰ ਆਪੇ ਗੁਰੂ ਚੇਲਾ ਦੇ ਮਹਾਨ ਸਿਧਾਂਤ ਦੀ ਪਾਲਣਾ ਕਰਨ ਉਪਰੰਤ ਮਾਛੀਵਾੜੇ ਦੇ ਜੰਗਲਾਂ ਵਿੱਚ ‘ਹਾਲ ਮੁਰੀਦਾਂ ਦਾ ਕਹਿਣਾ’ ਆਖ ਕੇ ਦਸਮੇਸ਼ ਪਿਤਾ ਨੇ ਸਿੱਖੀ ਵਿੱਚ ਸੰਤ ਅਤੇ ਸਿਪਾਹੀ ਦੀ ਸੁਮੇਲਤਾ ਦਾ ਅਨੋਖਾ ਰੰਗ ਗੂੜ੍ਹਾ ਕੀਤਾ। ਜਬਰ-ਜ਼ੁਲਮ ਵਿਰੁੱਧ ਜੂਝਣਾ ਹਰ ਸਿੱਖ ਦਾ ਮੁਢਲਾ ਫਰਜ਼ ਹੈ, ਵਾਹਿਗੁਰੂ ਨਾਲ ਇਕਮਿਕਤਾ ਉਸਦੇ ਜੀਵਨ ਦਾ ਉਦੇਸ਼ ਹੈ। ਨਿਰਾਲੀ ਸਿੱਖੀ ਅੱਜ ਆਪਣੇ ਗੁਰੂ ਦੇ ਸੁਨੇਹੇ ਨੂੰ ਕਿਉਂ ਭੁੱਲਦੀ ਜਾ ਰਹੀ ਹੈ, ਇਹ ਪੜਚੋਲ ਵੀ ਅੱਜ ਦੇ ਦਿਨ ਹੀ ਕਰਨੀ ਬਣਦੀ ਹੈ। ਇਸ ਲਈ ਮਾਛੀਵਾੜੇ ਤੋਂ ਆਉਂਦਾ ਗੁਰੂ ਦਾ ਸੁਨੇਹਾ ਹਰ ਸਿੱਖ ਨੂੰ ਗਫ਼ਲਤ ਵਾਲੀ ਨੀਂਦ ਤੋਂ ਜਾਗ ਆਪੋ-ਆਪਣੇ ਮਨਾਂ ਵਿਚ ਝਾਤੀ ਮਾਰ ਕੇ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ।
ਪਤਿਤਪੁਣੇ ਦੀ ਕਾਲੀ ਰਾਤ ਵਿਚ ਚਮਕੌਰ ਦੀ ਲਿਸ਼ਕੋਰ : ਚਮਕੌਰ ਦੀ ਕੱਚੀ ਗੜ੍ਹੀ ਦੀ ਜੰਗ ਦੇ ਸ਼ਹੀਦਾਂ, ਜਿਨ੍ਹਾਂ ‘ਚ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸ਼ਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਵੀ ਸ਼ਾਮਲ ਹਨ, ਦੀ ਸਲਾਨਾ ਯਾਦ ਕੌਮ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਮਕੌਰ ਸਾਹਿਬ ਦੀ ਧਰਤੀ ਉਤੇ ਮਨਾਈ ਹੈ। ਬਾਬਾ ਅਜੀਤ ਸਿੰਘ, ਜਿਹੜੇ ਚੜ੍ਹਦੀ ਜੁਆਨੀ ਅਤੇ ਬਾਬਾ ਜੁਝਾਰ ਸਿੰਘ ਜਿਹੜੇ ਮੁੱਛ ਫੁੱਟਦੀ ਜਵਾਨੀ ਦੀ ਅਵਸਥਾ ਵਿਚ ਸਨ, ਉਨ੍ਹਾਂ ਵੱਲੋਂ ਕੌਮ ਦੀ ਬੁਨਿਆਦ ਨੂੰ ਪੱਕੀ ਕਰਨ ਲਈ ਦਿੱਤੀ ਸ਼ਹਾਦਤ, ਬੇਮਿਸ਼ਾਲ ਤੇ ਲਾਸਾਨੀ ਹੈ। ਸਿੱਖ ਕੌਮ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਅਤਿ ਸੰਵੇਨਦਸ਼ੀਲ ਜਜ਼ਬਿਆਂ ਦੀ ਪੱਧਰ ਤਕ ਜੁੜੀ ਵੀ ਹੋਈ ਹੈ ਪ੍ਰੰਤੂ ਅਫ਼ਸੋਸ ਹੈ ਕਿ ਅਸੀਂ ਆਪਣੀ ਜੁਆਨੀ ਲਈ ਸਾਹਿਬਜ਼ਾਦਿਆਂ ਦੀ ਅਦੁੱਤੀ ਸਖ਼ਸੀਅਤ ਅਤੇ ਲਾਸਾਨੀ ਕੁਰਬਾਨੀ ਨੂੰ ਰੋਲ ਮਾਡਲ ਨਹੀਂ ਬਣਾ ਸਕੇ। ਇਸ ਕਾਰਨ ਅੱਜ ਦੀ ਸਾਡੀ ਜੁਆਨੀ ਕੌਮ ਦੇ ਉਸ ਮਹਾਨ ਪੰਨੇ ਤੋਂ ਚਾਨਣ ਲੈ ਕੇ ਸਿੱਖੀ ਦੇ ਰੋਸ਼ਨ ਮੁਨਾਰੇ ਬਣਨ ਦੀ ਥਾਂ ਨਸ਼ੇ ਤੇ ਪਤਿਤਪੁਣੇ ਦੇ ਕਾਲੇ ਹਨੇਰੇ ‘ਚ ਗੁੰਮ ਹੁੰਦੀ ਜਾ ਰਹੀ ਹੈ, ਕੂੜ ਰਾਜਨੀਤੀ ਦੀ ਭੇਟ ਚੜ੍ਹ ਕੇ, ਕੂੜ ਵਾਤਾਵਰਣ ਦੀ ਸ਼ਿਕਾਰ ਹੋ ਗਈ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਕਿਸੇ ਦੇਸ਼ ਜਾਂ ਕੌਮ ਦੀ ਜੁਆਨੀ ਨੂੰ, ਜੁਆਨੀ ਦੇ ਸਹੀ ਅਰਥ ਦੀ ਸੂਝ ਮਿਲ ਜਾਂਦੀ ਹੈ ਤਾਂ ਉਹ ਜੁਆਨੀ ਵਗਦੇ ਦਰਿਆਵਾਂ ਦਾ ਰੁੱਖ ਮੋੜਣ ਦੇ ਸਮਰੱਥ ਵੀ ਹੋ ਜਾਂਦੀ ਹੈ ਅਤੇ ਅਜਿਹੀ ਜੁਆਨੀ ਹੀ ਹਰ ਨਵੇਂ ਇਨਕਲਾਬ ਦੀ ਨੀਂਹ ਰੱਖਦੀ ਹੈ। ਅੱਜ ਜਦੋਂ ਸਾਡੀ ਕੌਮ ਦਾ 40 ਫੀਸਦੀ ਹਿੱਸਾ 18 ਤੋਂ 45 ਸਾਲ ਦੀ ਉਮਰ ਦਾ ਹੈ, ਉਸ ਸਮੇਂ ਜੇ ਜੁਆਨੀ ਦੀ ਅਗਵਾਈ ਲਈ ਸਹੀ ਰੋਲ ਮਾਡਲ, ਸਹੀ ਅਗਵਾਈ, ਸਹੀ ਦਿਸ਼ਾ ਵਿਖਾਈ ਜਾਵੇ ਤਾਂ, ਜੁਆਨੀ ਦੇ ਸਹੀ ਰਾਹ ਤੁਰਨ ‘ਚ ਕੋਈ ਰੁਕਾਵਟ ਖੜ੍ਹੀ ਨਹੀਂ ਹੋ ਸਕਦੀ।
ਨਵੇਂ ਸੰਸਾਰ ਦੀ ਸਿਰਜਣਾ ਦੀ ਬੁਨਿਆਦ ਬਣੇ ਸਿੱਖ ਵਿਰਸਾ : ਸਿੱਖ ਕੌਮ ਨੂੰ ਜੋ ਵਿਰਸਾ ਮਿਲਿਆ ਅਤੇ ਜਿਹੜੀ ਸੇਧ ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀਂ ਕੌਮ ਨੂੰ ਦਿੱਤੀ, ਉਹ ਨਵੇਂ ਸੰਸਾਰ ਦੀ ਸਿਰਜਣਾ ਦੀ ਬੁਨਿਆਦ ਹੈ ਅਤੇ ਇਸ ਬੁਨਿਆਦ ਨੂੰ ਕੰਮਜ਼ੋਰ ਕਰਨ ਲਈ ਸਿੱਖ ਵਿਰੋਧੀ ਸ਼ਕਤੀਆਂ ਨੇ, ਜਿਸ ਤਰ੍ਹਾਂ ਸਾਡੀ ਰਾਜਸੀ ਅਗਵਾਈ ਨੂੰ ਕਮਜ਼ੋਰ ਅਤੇ ਰਾਜਸੀ ਵਾਤਾਵਰਣ ਨੂੰ ਗੰਧਲਾ ਕਰ ਦਿੱਤਾ ਹੈ, ਉਸ ਨੇ ਸਾਡੀ ਜੁਆਨੀ ਨੂੰ ਭਟਕਣ ਦੇ ਹਨੇਰੇ ਖੂਹ ‘ਚ ਸੁੱਟ ਦਿੱਤਾ ਹੈ। ਬਿਨਾ ਨਿਸ਼ਾਨੇ ਤੋਂ ਦਿਸ਼ਾਹੀਣ ਜੁਆਨੀ ਤੋਂ ਸਾਰਥਿਕ ਨਤੀਜਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਜਿਸ ਨੇ ਆਪਣੇ ਪਿਤਾ ਨੂੰ ਆਖਿਆ ਸੀ ਕਿ ਮੈਂ ਤੁਹਾਡਾ ਬੇਟਾ ਵੀ ਹਾਂ ਅਤੇ ਸਿੱਖ ਵੀ ਹਾਂ, ਇਸ ਲਈ ਰਣਤੱਤੇ ‘ਚ ਵੈਰੀ ਨਾਲ ਦੋ ਹੱਥ ਕਰਦਿਆਂ ਜੂਝ ਮਰਨਾ, ਮੇਰਾ ਫਰਜ਼ ਹੈ। ਸ਼ਹਾਦਤ ਦੀ ਮਰਿਆਦਾ ਤੇ ਮਹਾਨਤਾ ਦੀ, ਰਾਖੀ ਜਿਸ ਤਰ੍ਹਾਂ ਬਾਬਾ ਅਜੀਤ ਸਿੰਘ ਨੇ ਕੀਤੀ, ਉਹ ਸਾਡੀ ਜੁਆਨੀ ਲਈ ਬਹੁਤ ਵੱਡੀ ਸੇਧ ਹੋਣੀ ਚਾਹੀਦੀ ਹੈ। ਆਪਣੇ ਵੱਡੇ ਵੀਰ ਦੀ ਸ਼ਹਾਦਤ ਤੋਂ ਬਾਅਦ, ਜਿਸ ਤਰ੍ਹਾਂ ਬਾਬਾ ਜੁਝਾਰ ਸਿੰਘ ਨੇ ਰਣ ਭੂਮੀ ‘ਚ ਮੌਤ ਨੂੰ ਵਿਆਹੁਣ ਲਈ ਘੋੜੀ ਚੜ੍ਹਨ ਦੀ ਆਗਿਆ, ਆਪਣੇ ਬਾਪ ਤੋਂ ਮੰਗੀ, ਉਹ ਬਹਾਦਰੀ, ਸੂਰਬੀਰਤਾ, ਦ੍ਰਿੜਤਾ ਅਤੇ ਆਪਣੇ ਫਰਜ਼ ਦੀ ਪੂਰਤੀ ਦਾ ਸਿਖ਼ਰ ਸੀ। ਇਸ ਲਈ ਦੋਵਾਂ ਵੱਡੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਉਤੇ ਕੌਮ ਜਿੰਨਾ ਮਾਣ ਕਰ ਸਕੇ, ਉਨ੍ਹਾਂ ਘੱਟ ਹੈ। ਜੇ ਸਾਡੀ ਜੁਆਨੀ ਇਤਿਹਾਸ ਦੇ ਉਨ੍ਹਾਂ ਪੰਨਿਆਂ ਤੋਂ, ਜਿਹੜੇ ਪੰਨੇ ਕੌਮ ਦੀ ਹੋਂਦ ਦੀ ਗਵਾਹੀ ਭਰਦੇ ਹਨ, ਬੇਖ਼ਬਰ ਹੈ ਤਾਂ ਇਸ ਦਾ ਦੋਸ਼ ਇਸ ਜੁਆਨੀ ਦਾ ਪਾਲਣ-ਪੋਸ਼ਣ ਕਰਨ ਵਾਲਿਆਂ ਸਿਰ ਹੈ। ਕੌਮ ਨੇ ਹਾਲਾਂ ਤਕ ਇਸ ਪਾਸੇ ਕਦੇ ਗੰਭੀਰਤਾ ਨਾਲ ਸੋਚਿਆ ਹੀ ਨਹੀਂ ਹੈ।
ਸਿੱਖ ਵਿਹੜੇ ‘ਚੋਂ ਡੋਗਰਾ-ਬਿਰਤੀ ਰਾਜਸੀ ਗੰਦ ਨੂੰ ਹੂੰਝਣ ਦੀ ਲੋੜ : ਲੋੜ ਹੈ ਕਿ ਅਸੀਂ ਸਾਡੇ ਧਾਰਮਿਕ ਵਿਹੜੇ ‘ਚ ਆ ਚੁੱਕੇ ਰਾਜਸੀ ਗੰਦ ਨੂੰ ਪਹਿਲਾਂ ਸਾਫ਼ ਕਰੀਏ। ਇਸ ਡੋਗਰਾ-ਬਿਰਤੀ ਰਾਜਸੀ ਗੰਦ ਦੀ ਬਦਬੂ ਨੇ ਸਾਡੀ ਮੱਤ ਮਾਰ ਦਿੱਤੀ। ਜਦੋਂ ਤੱਕ ਸਾਡੀ ਕੌਮ ਦੇ ਧਾਰਮਿਕ, ਰਾਜਸੀ ਤੇ ਵਿਦਿਅਕ ਆਗੂ ਸੱਚੇ ਮਨੋ ਨੌਜਵਾਨਾਂ ਦੀ ਸਹੀ ਅਗਵਾਈ ਲਈ, ਉਨ੍ਹਾਂ ਨੂੰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਵਾਰਿਸ ਹੋਣ ਦਾ ਅਹਿਸਾਸ ਨਹੀਂ ਕਰਵਾਉਂਦੇ ਅਤੇ ਜੁਆਨੀ ਲਈ ਰੋਲ ਮਾਡਲ ਵਜੋਂ ਉਨ੍ਹਾਂ ਦੀ ਸਖ਼ਸੀਅਤ ਨੂੰ ਹਰ ਨੌਜਵਾਨ ਮੁੰਡੇ ਦੇ ਦਿਲ ‘ਚ ਥਾਂ ਪੈਦਾ ਨਹੀਂ ਕੀਤੀ ਜਾਂਦੀ, ਉਦੋਂ ਤਕ ਅਸੀਂ ਜੁਆਨੀ ਦੀ ਭਟਕਣ ਨੂੰ ਖ਼ਤਮ ਨਹੀਂ ਕਰ ਸਕਾਂਗੇ। ਦਿਸ਼ਾਹੀਣ ਹੋਈ ਜੁਆਨੀ ਆਪਣੇ ਵਿਰਸੇ ਦੀ ਵਾਰਿਸ ਬਣਨ ਦੀ ਥਾਂ, ਉਸ ਨੂੰ ਮੇਟਣ ਦੇ ਰਾਹ ਤੁਰੀ ਰਹੇਗੀ। ਇਸ ਲਈ ਚਾਰ ਸਾਹਿਬਜ਼ਾਦਿਆਂ ਦੀ ਯਾਦ ‘ਚ ਸਿਰਫ਼ ਸਲਾਨਾ ਜੋੜ ਮੇਲਾ ਮਨਾ ਕੇ ਆਪਣੀ ਜੁੰਮੇਵਾਰੀ ਤੋਂ ਸੁਰਖ਼ਰੂ ਨਹੀਂ ਹੋਇਆ ਜਾ ਸਕਦਾ। ਲੋੜ ਹੈ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਫਤਹਿ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਦੀਆਂ ਉਹ ਘੋੜੀਆਂ, ਜਿਹੜੀਆਂ ਕਦੇ ਸਾਡੀਆਂ ਦਾਦੀਆਂ, ਨਾਨੀਆਂ, ਹਰ ਬੱਚੇ ਨੂੰ ਲੋਰੀਆਂ ਦੀ ਥਾਂ ਸੁਣਾਉਂਦੀਆਂ ਸਨ, ਉਹ ਮੁੜ ਸੁਣਾਈਆਂ ਜਾਣ ਤੇ ਹਰ ਬੱਚੇ ਤੇ ਉਸ ਦੇ ਜੁਆਨ ਹੋਣ ਤਕ ਸ਼ਾਹਿਬਜ਼ਾਦਿਆਂ ਦੇ ਵਾਰਿਸ ਹੋਣ ਦਾ ਅਹਿਸਾਸ ਮਨ ਤੇ ਉੱਕਰਿਆ ਜਾਵੇ। ਜੁਆਨੀ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੇ ਆਪਣੇ ਪਿਤਾ ਦੇ ਅਵਾਜ਼ ਮਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਖ਼ੁਦ ਸ਼ਹਾਦਤ ਲਈ ਪੇਸ਼ ਕੀਤਾ ਸੀ। ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਉਮਰ ਦੇ ਪਹਿਲੇ ਪਹਿਰ ਵਿਚ ਹੀ ਬਹਾਦਰੀ, ਸਿਦਕ ਤੇ ਸ਼ਹਾਦਤ ਦੀ ਜਿਹੜੀ ਇਬਾਰਤ ਲਿਖ ਦਿੱਤੀ ਗਈ, ਉਸ ਦੀ ਮਿਸਾਲ ਦੁਨੀਆ ਵਿਚ ਕਿਤੇ ਨਹੀਂ ਮਿਲਦੀ। ਇਸ ਲਈ ਅੱਜ ਸਿੱਖ ਜੁਆਨੀ ਨੂੰ ਵੀ ਸਿੱਖ ਸਿਧਾਂਤਾਂ, ਸਿੱਖ ਪ੍ਰੰਪਰਾਵਾਂ ਅਤੇ ਸਿੱਖ ਸੋਚ ਦੀ ਪਹਿਰੇਦਾਰੀ ਲਈ ਖ਼ੁਦ ਆਪਣੇ-ਆਪ ਨੂੰ ਪੇਸ਼ ਕਰਨਾ ਚਾਹੀਦਾ ਹੈ।
ਟਾਂਵਾ-ਟਾਂਵਾ ਦੀਪ ਜਗੇ…
ਫਤਹਿਗੜ੍ਹ ਸਾਹਿਬ : ਸੋਸ਼ਲ ਮੀਡੀਆ, ਸਿੱਖ ਪ੍ਰਚਾਰਕਾਂ ਦੇ ਪਰਚਾਰ ਦੇ ਅਸਰ ਕਾਰਨ ਇਸ ਵਾਰ ਸ਼ਹੀਦੀ ਜੋੜ-ਮੇਲ ਉਪਰ ਪਹਿਲਾਂ ਜਿਹੇ ਬਹੁਤੇ ਲੰਗਰ ਨਹੀਂ ਦਿਖਾਈ ਦਿੱਤੇ। ਕਈ ਦਿਨ ਪਹਿਲਾਂ ਹੀ ਇਸ ਵਾਰ ਲੰਗਰਾਂ ਦੇ ਸਰੂਪ ਤੇ ਮਰਿਆਦਾ ਬਾਰੇ ਜੋ ਪ੍ਰਭਾਵ ਮਿਲਣ ਲੱਗਾ ਸੀ, ਉਸ ਤੋਂ ਸਪਸ਼ਟ ਸੀ ਕਿ ਇਸ ਵਾਰ ਜੋੜ-ਮੇਲ ਉਪਰ ਜ਼ਿਆਦਾ ਲੰਗਰ ਸਿੱਖ ਮਰਿਆਦਾ ਦੇ ਅਨੁਕੂਲ ਹੋਣਗੇ।
ਪਿਛਲੇ ਸਮੇਂ ਵਿਚ ਜੋੜ-ਮੇਲ ਉਪਰ ਫ਼ਤਿਹਗੜ੍ਹ ਸਾਹਿਬ ਅਤੇ ਇਸ ਨੂੰ ਆਉਂਦੇ ਸਾਰੇ ਰਾਹਾਂ ਤੇ ਹਜ਼ਾਰਾਂ ਦੀ ਗਿਣਤੀ ਵਿਚ ਲੰਗਰ ਲੱਗਦੇ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਲੰਗਰਾਂ ਵਿਚ ਦਾਲ ਪ੍ਰਸ਼ਾਦੇ ਤੋਂ ਬਿਨਾ ਮਟਰ-ਪਨੀਰ, ਖੀਰ, ਜਲੇਬੀਆਂ, ਗਰਮ ਗੁਲਾਬ ਜਾਮੁਨ, ਮਾਲ੍ਹਪੂੜੇ, ਗੰਨੇ ਦਾ ਰਸ ਆਦਿ ਦੇ ਲੰਗਰ ਲੱਗਦੇ ਰਹੇ ਹਨ। ਇਨ੍ਹਾਂ ਲੰਗਰਾਂ ਵਾਲੇ ਸੰਗਤ ਨੂੰ ਸਪੀਕਰਾਂ ਵਿਚ ਗਲਾ ਫਾੜ ਫਾੜ ਕੇ ਤਿਆਰ ਕੀਤੇ ਪਕਵਾਨਾਂ ਨੂੰ ਛਕਣ ਲਈ ਅਵਾਜ਼ਾਂ ਕੱਸਦੇ ਰਹਿੰਦੇ ਸਨ ਪਰ ਇਸ ਵਾਰ ਬਿਲਕੁਲ ਉਲਟ ਹੋ ਰਿਹਾ ਹੈ, ਜਿਸ ਦਾ ਪ੍ਰਭਾਵ ਫ਼ਤਿਹਗੜ੍ਹ ਸਾਹਿਬ ਜਾਂ ਇਸ ਦੇ ਆਲੇ-ਦੁਆਲੇ ਸੰਗਤਾਂ ਵਲੋਂ ਆਪ ਮੁਹਾਰੇ ਲਗਾਏ ਗਏ ਫਲੈਕਸਾਂ ਤੋਂ ਮਿਲਦਾ ਹੈ। ਇਨ੍ਹਾਂ ਉਪਰ ਸਪਸ਼ਟ ਤੌਰ ‘ਤੇ ਲਿਖਿਆ ਗਿਆ ਹੈ ਕਿ ਇਸ ਸ਼ਹੀਦੀ ਸਭਾ ਵਿਚ ਵਰਤਾਉਣ ਲਈ ਤਿਆਰ ਕੀਤੇ ਗਏ ਲੰਗਰ ਉਸੇ ਭਾਵਨਾਵਾਂ ਤਹਿਤ ਤਿਆਰ ਕੀਤੇ ਜਾਣ ਜਿਹੋ ਜਿਹੀ ਭਾਵਨਾ ਨਾਲ ਸੰਗਤ ਇਸ ਜੋੜ-ਮੇਲ ਵਿਚ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆਉਂਦੀ ਹੈ। ਜਾਪਦਾ ਹੈ ਕਿ ਇਸ ਵਾਰ ਦੀਆਂ ਸ਼ਹੀਦੀ ਸਭਾਵਾਂ ਵਿਚ ਕਈ ਸਾਲਾਂ ਤੋ ਚੱਲ ਆ ਰਹੇ ਉਨ੍ਹਾਂ ਲੰਗਰਾਂ ਦੇ ਪ੍ਰਬੰਧਕ ਵੀ ਸਾਦਾ ਦਾਲ ਪਰਸ਼ਾਦਾ ਆਪਣੇ ਲੰਗਰ ਵਿਚ ਤਿਆਰ ਕਰਨਗੇ ਜਿਹੜੇ ਪਹਿਲਾ ਇਸ ਦੌੜ ਵਿਚ ਸ਼ਾਮਲ ਹੁੰਦੇ ਸਨ ਕਿ ਉਨ੍ਹਾਂ ਦਾ ਲੰਗਰ ਬਾਕੀ ਦੇ ਲੰਗਰਾਂ ਨਾਲੋਂ ਬਿਹਤਰ ਹੋਣਾ ਚਾਹੀਦਾ ਹੈ।
ਮੁੱਖ ਬਾਜ਼ਾਰ ਵਿਚ ਬਰੈਡਾਂ ਦੇ ਹੋਲਸੇਲ ਦੇ ਇਕ ਵਿਕ੍ਰੇਤਾ ਨੇ ਦੱਸਿਆ ਕਿ ਪਿਛਲੇ ਸਾਲਾਂ ਵਿਚ ਇਨ੍ਹਾਂ ਦਿਨਾਂ ਵਿਚ ਲੰਗਰਾਂ ਵਾਲੇ ਉਸ ਕੋਲ ਪੱਚੀ ਤੋਂ ਤੀਹ ਹਜ਼ਾਰ ਦੇ ਕਰੀਬ ਬ੍ਰੈਡਾਂ ਦੇ ਪੈਕਟ ਬੁੱਕ ਕਰਵਾ ਜਾਂਦੇ ਸਨ ਪਰ ਇਸ ਵਾਰ ਇਹ ਬੁਕਿੰਗ ਦੋ ਹਜ਼ਾਰ ਦੀ ਵੀ ਨਹੀਂ ਹੋਈ। ਇਸੇ ਤਰ੍ਹਾਂ ਕਰਿਆਨੇ ਦਾ ਹੋਲ ਸੇਲ ਦਾ ਕੰਮ ਕਰਨ ਵਾਲੇ ਇਕ ਹੋਰ ਦੁਕਾਨਦਾਰ ਨੇ ਦੱਸਿਆ ਕਿ ਹਰ ਸਾਲ ਉਸ ਕੋਲ ਲੰਗਰਾਂ ਵਾਲੇ ਘਿਉ ਅਤੇ ਚੀਨੀ ਦੀ ਐਡਵਾਂਸ ਵਿਚ ਇੰਨੀ ਜ਼ਿਆਦਾ ਬੁਕਿੰਗ ਕਰਵਾ ਜਾਂਦੇ ਸਨ ਕਿ ਉਨ੍ਹਾਂ ਨੂੰ ਆਰਡਰ ਭੁਗਤਾਉਣ ਵਿਚ ਮੁਸ਼ਕਲ ਪੇਸ਼ ਆਉਂਦੀ ਸੀ ਪਰ ਇਸ ਵਾਰ ਕੋਈ ਵੀ ਇਨ੍ਹਾਂ ਵਸਤਾਂ ਦੀ ਬੁਕਿੰਗ ਕਰਵਾਉਣ ਲਈ ਉਨ੍ਹਾਂ ਦੀ ਦੁਕਾਨ ‘ਤੇ ਨਹੀਂ ਆਇਆ। ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਇਸ ਵਾਰ ਹੁਣ ਤਕ ਫ਼ਤਿਹਗੜ੍ਹ ਸਾਹਿਬ ਵਿਚ ਲਗਭਗ ਚਾਰ ਸੌ ਲੰਗਰਾਂ ਵਾਲੇ ਉਨ੍ਹਾਂ ਤੋ ਆਗਿਆ ਲੈ ਗਏ ਹਨ ਤੇ ਮਨਜ਼ੂਰੀ ਲੈਣ ਵਾਲੇ ਸਾਰੇ ਹੀ ਸ਼ਰਧਾਲੂਆਂ ਦੀ ਮਨਸ਼ਾ ਸੀ ਕਿ ਉਹ ਬਿਲਕੁਲ ਸਾਦੇ ਲੰਗਰ ਹੀ ਲਗਾਉਣਗੇ।











Comments (0)